ਅਮਰੀਕਾ ਦੇ ਤੁਲਸਾ ਇਲਾਕੇ ‘ਚ ਇਕ ਘਰ ‘ਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲੀਸ ਮਾਮਲੇ ਦੀ ਕਤਲ ਦੇ ਪਹਿਲੂ ਤੋਂ ਜਾਂਚ ਕਰ ਰਹੀ ਹੈ। ਤੁਲਸਾ ਤੋਂ 20 ਕਿਲੋਮੀਟਰ ਦੱਖਣ-ਪੂਰਬ ‘ਚ ਓਕਲਾਹੋਮਾ ਦੇ ਇਕ ਰਿਹਾਇਸ਼ੀ ਖੇਤਰ ਬ੍ਰੋਕਨ ਐਰੋ ‘ਚ ਸ਼ਾਮ ਕਰੀਬ ਚਾਰ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਬ੍ਰੋਕਨ ਐਰੋ ਪੁਲੀਸ ਨੇ ਕਿਹਾ ਕਿ ਕਤਲ ਦੇ ਇਰਾਦੇ ਨਾਲ ਅੱਗ ਲਗਾਏ ਜਾਣ ਦਾ ਸ਼ੱਕ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਘਟਨਾ ਨਾਲ ਜਨਤਾ ਨੂੰ ਕੋਈ ਖ਼ਤਰਾ ਹੈ। ਪੁਲੀਸ ਦੇ ਬੁਲਾਰੇ ਈਥਨ ਹਚਿਨਸ ਨੇ ਕਿਹਾ ਕਿ ਘਟਨਾ ਵਾਲੀ ਥਾਂ ਦਾ ਦ੍ਰਿਸ਼ ਭਿਆਨਕ ਹੈ, ਇਸ ਲਈ ਫਿਲਹਾਲ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਹਚਿਨਜ਼ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਪੁਲੀਸ ਨੂੰ ਦੱਸਿਆ ਕਿ ਘਰ ‘ਚ ਦੋ ਬਾਲਗ ਅਤੇ ਛੇ ਬੱਚਿਆਂ ਸਮੇਤ ਅੱਠ ਲੋਕਾਂ ਦੇ ਪਰਿਵਾਰ ਦਾ ਘਰ ਸੀ ਪਰ ਮ੍ਰਿਤਕਾਂ ਦੀ ਸਹੀ ਪਛਾਣ ਨਹੀਂ ਹੋ ਸਕੀ ਹੈ। ਕੈਟਲਿਨ ਪਾਵਰਜ਼ ਨਾਂ ਦੀ ਸਥਾਨਕ ਔਰਤ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਬਾਹਰ ਜਾ ਰਹੀ ਸੀ ਜਦੋਂ ਉਸ ਨੇ ਆਪਣੇ ਘਰ ਨੇੜੇ ਧੂੰਆਂ ਉੱਠਦਾ ਦੇਖਿਆ ਅਤੇ ਪੂਰੇ ਮਾਮਲੇ ਦਾ ਪਤਾ ਲਗਾਉਣ ਲਈ ਰੁਕ ਗਈ। ਪਾਵਰਜ਼ ਨੇ ਦੱਸਿਆ ਕਿ ਜਦੋਂ ਉਹ ਨੇੜੇ ਗਈ ਤਾਂ ਉਸ ਨੇ ਦੇਖਿਆ ਕਿ ਘਰ ਦੀ ਛੱਤ ‘ਚੋਂ ਧੂੰਆਂ ਨਿਕਲ ਰਿਹਾ ਸੀ। ਪਾਵਰਜ਼ ਨੇ ਦੱਸਿਆ ਕਿ ਘਰ ਦੇ ਸਾਹਮਣੇ ਦੋ ਆਦਮੀ ਅਤੇ ਇਕ ਔਰਤ ਖੜ੍ਹੇ ਸਨ। ਉਸ ਨੇ ਕਿਹਾ ਕਿ ਇਕ ਹੋਰ ਵਿਅਕਤੀ ਇਕ ਔਰਤ ਨੂੰ ਦਰਵਾਜ਼ੇ ਤੋਂ ਬਾਹਰ ਖਿੱਚਦਾ ਦੇਖਿਆ ਗਿਆ ਸੀ ਅਤੇ ਉਹ ਬੇਹੋਸ਼ ਸੀ।