ਕਿਸੇ ਵੇਲੇ ਵੱਧ ਆਬਾਦੀ ਕਰਕੇ ਬੱਚੇ ਪੈਦਾ ਕਰਨ ਖ਼ਿਲਾਫ਼ ਸਖ਼ਤੀ ਵਰਤਣ ਤੇ ਕਾਨੂੰਨ ਬਣਾਉਣ ਵਾਲਾ ਚੀਨ ਆਪਣੇ ਦੇਸ਼ ਦੀ ਘਟਦੀ ਆਬਾਦੀ ਕਾਰਨ ਫਿਕਰਮੰਦ ਹੈ। ਦੇਸ਼ ਦੀ ਲੇਬਰ ਪਾਵਰ ਨੂੰ ਮਜ਼ਬੂਤ ਕਰਨ ਲਈ ਚੀਨ ਆਪਣੀ ਆਬਾਦੀ ਵਧਾਉਣਾ ਚਾਹੁੰਦਾ ਹੈ ਅਤੇ ਸ਼ੀ ਜਿਨਪਿੰਗ ਸਰਕਾਰ ਨੇ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਲਈ ਤੋਹਫਿਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਤੋਹਫਿਆਂ ਤਹਿਤ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਨੂੰ ਟੈਕਸ ’ਚ ਛੋਟ, ਹਾਊਸਿੰਗ ਕ੍ਰੈਡਿਟ, ਵਿੱਦਿਅਕ ਲਾਭ ਦੇ ਨਾਲ-ਨਾਲ ਹੋਰ ਸਾਰੀਆਂ ਸਹੂਲਤਾਂ ਦਾ ਲਾਭ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਗਲੋਬਲ ਟਾਈਮਜ਼ ਮੁਤਾਬਕ ਪਿਛਲੇ ਸਾਲ ਦੇ ਅੰਤ ਤੱਕ ਚੀਨ ਦੀ ਆਬਾਦੀ 141.3 ਮਿਲੀਅਨ ਕਰੋਡ਼ ਸੀ। ਉਥੇ ਹੀ, ਨਵਜੰਮੇ ਬੱਚਿਆਂ ਦੀ ਆਬਾਦੀ 1.62 ਕਰੋਡ਼ ਸੀ, ਜੋ ਮਰਨ ਵਾਲਿਆਂ ਦੀ ਗਿਣਤੀ ਦੇ ਬਰਾਬਰ ਸੀ। ਗਲੋਬਲ ਟਾਈਮਜ਼ ਮੁਤਾਬਕ ਚੀਨੀ ਅਧਿਕਾਰੀ ਔਰਤਾਂ ਨੂੰ ਇਕ ਤੋਂ ਵੱਧ ਬੱਚੇ ਪੈਦਾ ਕਰਨ ਲਈ ਟੈਕਸ ’ਚ ਛੋਟ, ਹਾਊਸਿੰਗ ਕ੍ਰੈਡਿਟ, ਵਿੱਦਿਅਕ ਲਾਭ ਅਤੇ ਹੋਰ ਕਈ ਲਾਭ ਦੇ ਰਹੇ ਹਨ। ਦੂਜੇ ਪਾਸੇ ਇਹ ਲਾਭ ਸਿਰਫ਼ ਵਿਆਹੇ ਲੋਕਾਂ ਲਈ ਹੈ। ਇਸ ਦੇ ਨਾਲ ਹੀ ਚੀਨ ਇਹ ਵੀ ਤੈਅ ਕਰ ਰਿਹਾ ਹੈ ਕਿ ਕੌਣ ਬੱਚੇ ਪੈਦਾ ਕਰ ਸਕਦਾ ਹੈ ਅਤੇ ਕੌਣ ਨਹੀਂ। ਪਰਿਵਾਰ ਨਿਯੋਜਨ ਦੇ ਬਹਾਨੇ ਚੀਨ ਇਕੱਲੀਆਂ ਔਰਤਾਂ ਅਤੇ ਘੱਟਗਿਣਤੀਆਂ ’ਤੇ ਸਖ਼ਤੀ ਵਰਤ ਰਿਹਾ ਹੈ। ਤੱਥ ਦੱਸਦੇ ਹਨ ਕਿ ਚੀਨ ’ਚ ਇਕੱਲੇ ਮਾਪਿਆਂ ਦੇ ਬੱਚੇ ਅੱਜ ਵੀ ਆਪਣੇ ਬੁਨਿਆਦੀ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਨ। ਉਥੇ ਹੀ, ਜੋ ਇਕੱਲੀਆਂ ਔਰਤਾਂ ਗਰਭਵਤੀ ਹਨ, ਉਨ੍ਹਾਂ ਨੂੰ ਸਿਹਤ, ਬੀਮਾ ਅਤੇ ਜਣੇਪਾ ਛੁੱਟੀ ਤੋਂ ਵੀ ਵਾਂਝੇ ਕੀਤਾ ਜਾ ਰਿਹਾ ਹੈ। ਅਜਿਹਾ ਵੀ ਹੈ ਕਿ ਇਕੱਲੀਆਂ ਗਰਭਵਤੀ ਔਰਤਾਂ ਨੂੰ ਨੌਕਰੀਆਂ ਤੋਂ ਕੱਢ ਵੀ ਦਿੱਤਾ ਜਾਂਦਾ ਹੈ। ਇਹ ਔਰਤਾਂ ਕਾਨੂੰਨੀ ਤੌਰ ’ਤੇ ਸੁਰੱਖਿਅਤ ਨਹੀਂ ਹਨ। ਨਿਊਯਾਰਕ ਟਾਈਮਜ਼ ਦੇ ਹਵਾਲੇ ਤੋਂ 46 ਸਾਲਾ ਸਿੰਗਲ ਪੇਰੈਂਟ ਸਾਰਾ ਗਾਓ ਨੇ ਕਿਹਾ ਕਿ ਅਣਵਿਆਹੇ ਹੁੰਦੇ ਹੋਏ ਮਾਂ ਬਣਨਾ ਸਮਾਜ ਨਾਲ ਲਡ਼ਾਈ ਲਡ਼ਨ ਵਰਗਾ ਹੈ। ਗਾਓ ਦੱਸਦੀ ਹੈ ਕਿ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੂੰ ਡਾਕਟਰਾਂ ਨਾਲ ਝੂਠ ਬੋਲਣਾ ਪਿਆ ਕਿ ਉਸ ਦਾ ਪਤੀ ਵਿਦੇਸ਼ ’ਚ ਦਾਖਲ ਹੋਣ ਲਈ ਗਿਆ ਹੈ। 2016 ’ਚ ਇਕ ਧੀ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।