ਲੁਧਿਆਣਾ ਦੀ ਇਕ ਅਦਾਲਤ ‘ਚ ਨਵਜੋਤ ਸਿੰਘ ਸਿੱਧੂ ਦੇ ਬਤੌਰ ਗਵਾਹ ਵਜੋਂ ਪੇਸ਼ ਹੋਣ ਦੇ ਮਾਮਲੇ ਦੀ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਹੁਣ ਅਦਾਲਤ ਨੇ ਉਨ੍ਹਾਂ ਦੇ 21 ਅਕਤੂਬਰ ਨੂੰ ਬਤੌਰ ਗਵਾਹ ਪੇਸ਼ ਹੋਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੇ ਹੁਕਮ ਦੇ ਦਿੱਤੇ ਹਨ। ਮੁੱਖ ਨਿਆਇਕ ਸਜ਼ਾ ਅਧਿਕਾਰੀ ਸੁਮਿਤ ਮੱਕੜ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਸਾਬਕਾ ਡੀ.ਐੱਸ.ਪੀ. ਸੇਖੋਂ ਦੇ ਮਾਮਲੇ ‘ਚ ਬਤੌਰ ਗਵਾਹ ਪੇਸ਼ ਹੋਣ ਲਈ ਇਹ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਸਮੇਂ ਸਿੱਧੂ ਪਟਿਆਲਾ ਜੇਲ੍ਹ ‘ਚ ਇਕ ਮਾਮਲੇ ‘ਚ ਸਜ਼ਾ ਕੱਟ ਰਹੇ ਹਨ। ਸੁਰੱਖਿਆ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਸਿੱਧੂ ਨੇ ਦੋ ਵਾਰ ਅਦਾਲਤ ਤੋਂ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਲਈ ਅਪੀਲ ਕੀਤੀ ਸੀ, ਜਿਸ ਸਬੰਧੀ ਮੁੜ ਨਿਰੀਖਣ ਪਟੀਸ਼ਨ ਵੀ ਖਾਰਜ ਕਰ ਦਿੱਤੀ ਗਈ ਸੀ। ਸਿੱਧੂ ਨੇ ਸਾਬਕਾ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਰਜ ਕੇਸ ‘ਚ ਗਵਾਹ ਵਜੋਂ ਲੁਧਿਆਣਾ ਦੀ ਅਦਾਲਤ ‘ਚ ਪੇਸ਼ ਹੋਣ ਤੋਂ ਵਾਰ-ਵਾਰ ਇਨਕਾਰ ਕੀਤਾ ਹੈ। ਗ੍ਰੈਂਡ ਮੈਨਰ ਹੋਮਜ਼ ਸੀ.ਐੱਲ.ਯੂ. ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਬਰਖ਼ਾਸਤ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਨੇ ਆਸ਼ੂ ਖ਼ਿਲਾਫ਼ ਮੁਕੱਦਮਾ ਦਾਇਰ ਕਰ ਰੱਖਿਆ ਹੈ। ਸਿੱਧੂ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੂੰ ਮਾਮਲੇ ‘ਚ ਗਵਾਹ ਵਜੋਂ ਨਹੀਂ ਬੁਲਾਇਆ ਜਾ ਸਕਦਾ। ਬਰਖ਼ਾਸਤ ਡੀ.ਐੱਸ.ਪੀ. ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਸਿੱਧੂ ਨੂੰ ਮਾਮਲੇ ‘ਚ ਗਵਾਹ ਦੇ ਤੌਰ ‘ਤੇ ਬੁਲਾਇਆ ਜਾਣਾ ਚਾਹੀਦਾ ਹੈ ਕਿਉਂਕਿ 2019 ‘ਚ ਸਥਾਨਕ ਸਰਕਾਰਾਂ ਮੰਤਰੀ ਦੇ ਰੂਪ ‘ਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਆਸ਼ੂ ਦਾ ਨਾਮ ਸੀ.ਐੱਲ.ਯੂ. ਘਪਲੇ ਦੀ ਜਾਂਚ ਰਿਪੋਰਟ ‘ਚ ਪ੍ਰਮੁੱਖਤਾ ਨਾਲ ਆਇਆ ਸੀ। ਅਧਿਕਾਰੀ ਵੱਲੋਂ ਮਾਮਲੇ ਦੀ ਫ਼ਾਈਲ ਸਿੱਧੂ ਦੇ ਦਫ਼ਤਰ ‘ਚ ਜਮ੍ਹਾਂ ਕੀਤੀ ਗਈ ਸੀ, ਜੋ ਹੁਣ ਕਥਿਤ ਤੌਰ ‘ਤੇ ਗਾਇਬ ਹੈ।