ਕੈਨੇਡਾ ਵਿਖੇ ਰਹਿ ਰਹੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਹੁਣ ਗਵਾਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਗੋਲਡੀ ਬਰਾੜ ਨੇ ਇਹ ਧਮਕੀਆਂ ਫਰੀਦਕੋਟ ਦੇ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦੇ ਹੋਏ ਕਤਲ ਦੇ ਮਾਮਲੇ ‘ਚ ਗਵਾਹਾਂ ਨੂੰ ਦਿੱਤੀਆਂ ਹਨ ਜਿਸ ਦਾ ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਲਾਲ ਦੇ ਪਰਿਵਾਰ ਵਲੋਂ ਇਸ ਕੇਸ ਦੀ ਪੂਰੀ ਜਾਂਚ ਕਰਵਾਈ ਜਾ ਰਹੀ ਹੈ। ਇਸ ਮਾਮਲੇ ਦੇ ਗਵਾਹਾਂ ਨੂੰ ਹੁਣ ਗੋਲਡੀ ਬਰਾੜ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਉਹ ਅਦਾਲਤ ‘ਚ ਗਏ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ। ਜਾਣਕਾਰੀ ਮੁਤਾਬਕ ਗੋਲਡੀ ਵਲੋਂ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਦੀ ਸ਼ਿਕਾਇਤ ਗਵਾਹ ਗੁਰਜਸਵਿੰਦਰ ਸਿੰਘ ਨੇ ਫਰੀਦਕੋਟ ਪੁਲੀਸ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਫਰਵਰੀ ‘ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਪਹਿਲਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦਾ ਉਹ ਗਵਾਹ ਹੈ। ਗੋਲਡੀ ਬਰਾੜ ਉਨ੍ਹਾਂ ਨੂੰ ਅਦਾਲਤ ‘ਚ ਨਾ ਜਾਣ ਦੀਆਂ ਫੋਨ ਕਰਕੇ ਧਮਕੀਆਂ ਦੇ ਰਿਹਾ ਹੈ। ਉਸ ਨੇ ਦੱਸਿਆ ਕਿ ਇਹ ਧਮਕੀਆਂ ਉਸ ਨੂੰ ਹੀ ਨਹੀਂ ਸਗੋਂ ਹੋਰ ਗਵਾਹਾਂ ਨੂੰ ਵੀ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਗੈਂਗਸਟਰ ਗੋਲਡੀ ਬਰਾੜ ਇਸ ਸਮੇਂ ਕੈਨੇਡਾ ‘ਚ ਬੈਠਾ ਹੋਇਆ ਹੈ ਅਤੇ ਉਹ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦਾ ਮਾਸਟਰਮਾਈਂਡ ਵੀ ਹੈ ਜਿਸ ਦਾ 29 ਮਈ ਨੂੰ ਗੋਲੀਆਂ ਮਾਰ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਗਵਾਹਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਦੀ ਪੁਲੀਸ ਜਾਂਚ ਕਰ ਰਹੀ ਹੈ।