ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਜਾਨ ਬਚਾਉਣ ਲਈ ਦੋ ਕਰੋਡ਼ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਇਹ ਪੇਸ਼ਕਸ਼ ਮੁਕਤਸਰ ਦੇ ਪਿੰਡ ਭੰਗਾਚਿਡ਼ੀ ਦੇ ਕੁਝ ਮੁੰਡਿਆਂ ਜ਼ਰੀਏ ਕੀਤੀ ਗਈ ਸੀ ਜਿਹਡ਼ੇ ਮੂਸੇਵਾਲਾ ਦੇ ਨਾਲ ਰਹਿੰਦੇ ਸਨ। ਇਹ ਗੱਲ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾਡ਼ ਨੇ ਇਕ ਵੀਡੀਓ ਜਾਰੀ ਕਰ ਕੇ ਆਖੀ ਹੈ। ਇਹ ਵੀਡੀਓ ਜਾਰੀ ਹੋਣ ਮਗਰੋਂ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਵੀਡੀਓ ਗੋਲਡੀ ਬਰਾਡ਼ ਦੀ ਹੈ ਪਰ ਫਿਰ ਵੀ ਇਸ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਵੀਡੀਓ ’ਚ ਗੋਲਡੀ ਬਰਾਡ਼ ਕਹਿ ਰਿਹਾ ਹੈ ਕਿ ਮੈਨੂੰ ਕਿਹਾ ਗਿਆ ਸੀ ਕਿ ਪੈਸਾ ਲੈਣ ਤੋਂ ਬਾਅਦ ਗੁਰਦੁਆਰਾ ਸਾਹਿਬ ’ਚ ਜਾ ਕੇ ਸਹੁੰ ਚੁੱਕੋ ਕਿ ਸਿੱਧੂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਓਗੇ, ਪਰ ਅਸੀਂ ਭਰਾ ਵਿੱਕੀ ਮਿੱਡੂਖੇਡ਼ਾ ਦੀ ਹੱਤਿਆ ਦਾ ਬਦਲਾ ਲਿਆ ਹੈ ਤੇ ਕਹਿ ਕੇ ਲਿਆ ਹੈ। ਗੋਲਡੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਬਹੁਤ ਧਾਰਮਿਕ ਹੈ ਤੇ ਭਿੰਡਰਾਂਵਾਲੇ ਨੂੰ ਆਪਣਾ ਆਦਰਸ਼ ਮੰਨਦਾ ਹੈ। ਮੈਂ ਉਸਨੂੰ ਕਾਲਜ ਦੇ ਸਮੇਂ ਤੋਂ ਜਾਣਦਾ ਹਾਂ। ਕਾਲਜ ਦੇ ਸਮੇਂ ’ਚ ਜਦੋਂ ਸਾਡੇ ’ਤੇ ਐੱਫ.ਆਈ.ਆਰ. ਹੋ ਗਈ ਤਾਂ ਅਸੀਂ ਦਿੱਲੀ ਭੱਜ ਆਏ। ਉਦੋਂ ਅਸੀਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਮਾਰਨਾ ਚਾਹੁੰਦੇ ਸੀ। ਉਨ੍ਹਾਂ ਦੀ ਰੇਕੀ ਵੀ ਕੀਤੀ ਸੀ। ਬਰਾਡ਼ ਨੇ ਕਿਹਾ ਕਿ ਮੂਸੇਵਾਲਾ ਨੂੰ ਸਿੱਖ ਸ਼ਹੀਦ ਤੇ ਰਾਸ਼ਟਰੀ ਯੋਧਾ ਕਰਾਰ ਦੇਣਾ ਗ਼ਲਤ ਹੈ। ਉਹ ਇਸਦਾ ਹੱਕਦਾਰ ਨਹੀਂ ਹੈ। ਉਸ ਨੇ ਐੱਸ.ਵਾਈ.ਐੱਲ. ਗੀਤ ਲਿਖਿਆ। ਬਹੁਤ ਚੰਗਾ ਗਾਇਆ ਪਰ ਜਿਸ ਪਰਿਵਾਰ ਨੇ ਇਹ ਨਹਿਰ ਕੱਢੀ ਉਸਨੂੰ ਜਿਤਾਉਣ ਲਈ ਕਿਉਂ ਗਾਇਆ। ਉਨ੍ਹਾਂ ਨੂੰ ਕਿਉਂ ਨਹੀਂ ਕਿਹਾ ਕਿ ਐੱਸ.ਵਾਈ.ਐੱਲ. ਨਹਿਰ ਕਿਉਂ ਕੱਢੀ। ਜੇਕਰ ਇੰਨਾ ਬਾਗ਼ੀ ਸੀ ਤਾਂ ਇਹ ਗੱਲਾਂ ਕਿਉਂ ਭੁੱਲ ਗਿਆ। ਗੋਲਡੀ ਨੇ ਕਿਹਾ ਕਿ ਦੀਪ ਸਿੱਧੂ ਦੀ ਮੌਤ ਦੇ ਦਿਨ ਮੂਸੇਵਾਲਾ ਨੱਚ ਰਿਹਾ ਸੀ ਜਦਕਿ ਪੂਰਾ ਪੰਜਾਬ ਗ਼ਮ ’ਚ ਸੀ। ਮੈਨੂੰ ਮੂਸੇਵਾਲਾ ਨੂੰ ਮਾਰਨ ਦਾ ਕੋਈ ਅਫ਼ਸੋਸ ਨਹੀਂ ਹੈ। ਮੂਸੇਵਾਲਾ ਦਾ ਹੱਥ ਸਾਡੇ ਦੋ ਭਰਾਵਾਂ ਦੀ ਮੌਤ ’ਚ ਅਸਿੱਧੇ ਤੌਰ ’ਤੇ ਸੀ। ਉਸਨੇ ਜੋ ਕੀਤਾ, ਉਹ ਭੁਗਤਿਆ।