ਮਈ ਮਹੀਨੇ ਦੇ ਅਖੀਰ ‘ਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਪੰਜਾਬ ਪੁਲੀਸ ਵਲੋਂ ਇੰਡੀਆ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਇਸ ਸਬੰਧੀ ਟਵੀਟ ਕੀਤਾ ਹੈ। ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉੱਤਰੀ ਅਮਰੀਕਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੂੰ ਇੰਡੀਆ ਲਿਆਉਣ ਲਈ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਇਲਾਵਾ ਪੰਜਾਬ ਸਮੇਤ ਕਈ ਸੂਬਿਆਂ ਦੀ ਪੁਲੀਸ ਗੋਲਡੀ ਬਰਾੜ ਦੀ ਭਾਲ ਕਰ ਰਹੀ ਹੈ। ਪੰਜਾਬ ਪੁਲੀਸ ਕੋਲ ਇਹ ਪੱਕੀ ਜਾਣਕਾਰੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਗੈਂਗਸਟਰ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਇਸ ਸਮੇਂ ਉੱਤਰੀ ਅਮਰੀਕਾ ‘ਚ ਹੈ। ਪੰਜਾਬ ਪੁਲੀਸ ਅਤੇ ਹੋਰ ਰਾਜਾਂ ਦੀ ਪੁਲੀਸ ਲਗਾਤਾਰ ਉਸਦੇ ਟਿਕਾਣੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਗੋਲਡੀ ਬਰਾੜ ਕੈਨੇਡਾ ਭੱਜ ਗਿਆ ਸੀ, ਪਰ ਉਥੇ ਖਤਰੇ ਨੂੰ ਮਹਿਸੂਸ ਕਰਦੇ ਹੋਏ ਉਹ ਉੱਤਰੀ ਅਮਰੀਕਾ ਨੂੰ ਚਲਾ ਗਿਆ ਦੱਸਿਆ ਜਾਂਦਾ ਹੈ। ਸੂਤਰਾਂ ਮੁਤਾਬਕ ਗੋਲਡੀ ਬਰਾੜ ਆਪਣਾ ਬਚਾਅ ਕਰਨ ਲਈ ਕੈਲੀਫੋਰਨੀਆ ‘ਚ ਕਾਨੂੰਨੀ ਸ਼ਰਨ ਲੈਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਪਰ ਦੱਸਿਆ ਜਾਂਦਾ ਹੈ ਕਿ ਇਹ ਸਿਆਸੀ ਸ਼ਰਨ ਉਦੋਂ ਮਿਲਦੀ ਹੈ ਜਦੋਂ ਕੋਈ ਵਿਅਕਤੀ ਇਹ ਸਾਬਤ ਕਰਦਾ ਹੈ ਕਿ ਉਸ ਨੂੰ ਆਪਣੇ ਦੇਸ਼ ‘ਚ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ। ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਜੈਪੁਰ ਵਿਖੇ ਪੁਲੀਸ ਟੀਮਾਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਪ੍ਰਦੀਪ ਸਿੰਘ ਦੀ ਟਾਰਗੈੱਟ ਕਿਲਿੰਗ ‘ਚ ਸ਼ਾਮਲ ਛੇਵੇਂ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਵੱਲੋਂ ਰਚੀ ਗਈ ਸਾਜ਼ਿਸ਼ ਤਹਿਤ ਪ੍ਰਦੀਪ ਨੂੰ 10 ਨਵੰਬਰ 2022 ਨੂੰ ਕੋਟਕਪੂਰਾ ‘ਚ ਉਸ ਦੀ ਦੁਕਾਨ ਦੇ ਬਾਹਰ 6 ਸ਼ੂਟਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਛੇਵੇਂ ਸ਼ੂਟਰ ਦੀ ਪਛਾਣ ਰਮਜ਼ਾਨ ਖ਼ਾਨ ਉਰਫ਼ ਰਾਜ ਹੁੱਡਾ ਵਜੋਂ ਹੋਈ ਹੈ। ਇਸ ਟਾਰਗੈੱਟ ਕਿਲਿੰਗ ਦਾ ਮਾਸਟਰਮਾਈਂਡ ਗੋਲਡੀ ਬਰਾੜ ਹੈ, ਜਿਸ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਹੈ ਤੇ ਉਸ ਨੂੰ ਬਹੁਤ ਜਲਦ ਪੰਜਾਬ ਲਿਆਂਦਾ ਜਾਵੇਗਾ। ਇਸ ਆਪ੍ਰੇਸ਼ਨ ਨੂੰ ਕੇਂਦਰੀ ਏਜੰਸੀਆਂ ਤੇ ਰਾਜਸਥਾਨ ਪੁਲਸ ਟੀਮਾਂ ਦੇ ਤਾਲਮੇਲ ਨਾਲ ਸਫ਼ਲ ਬਣਾਇਆ ਗਿਆ। ਡੀ.ਜੀ.ਪੀ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਨੂੰ ਅਪਰਾਧ, ਨਸ਼ਾ ਅਤੇ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲੀਸ ਪੂਰੀ ਤਰ੍ਹਾਂ ਵਚਨਬੱਧ ਹੈ।