ਛੇ ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੂੰ ਨਵੇਂ ਇਮਤਿਹਾਨ ‘ਚ ਪਾ ਦਿੱਤਾ ਹੈ। ਅਸਲ ‘ਚ ਅੰਮ੍ਰਿਤਸਰ ਵਿਖੇ ਸਮਾਗਮ ‘ਚ ਸ਼ਿਰਕਤ ਕਰਨ ਪੁੱਜੇ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੂੰ ਫੜਾਉਣ ਵਾਲੇ ਨੂੰ ਉਹ 2 ਕਰੋੜ ਰੁਪਏ ਦੇਣਗੇ। ਉਨ੍ਹਾਂ ਸਰਕਾਰ ਅਤੇ ਪੁਲੀਸ ਨੂੰ ਕਿਹਾ ਕਿ ਗੋਲਡੀ ਬਰਾੜ ਸਿਰ ਇਸ ਰਕਮ ਦਾ ਐਲਾਨ ਕੀਤਾ ਜਾਵੇ ਅਤੇ ਇਹ ਰਕਮ ਉਹ (ਬਲਕੌਰ ਸਿੱਧੂ) ਆਪਣੇ ਪੱਲਿਓਂ ਦੇਣਗੇ ਭਾਵੇਂ ਇਸ ਲਈ ਜ਼ਮੀਨ ਕਿਉਂ ਨਾ ਵੇਚਣੀ ਪੈ ਜਾਵੇ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 29 ਨਵੰਬਰ ਨੂੰ ਪੂਰੇ 6 ਮਹੀਨੇ ਬੀਤ ਚੁੱਕੇ ਹਨ। ਹਾਲਾਂਕਿ ਸਿੱਧੂ ਮੂਸੇ ਵਾਲਾ ਦਾ ਪਰਿਵਾਰ ਅਜੇ ਤਕ ਉਸ ਦੇ ਕਤਲ ਦੇ ਇਨਸਾਫ਼ ਲਈ ਸਰਕਾਰੇ ਦਰਬਾਰੇ ਜਾ ਕੇ ਵੱਖ-ਵੱਖ ਆਗੂਆਂ ਨੂੰ ਅਪੀਲ ਕਰ ਰਿਹਾ ਹੈ। ਬਲਕੌਰ ਸਿੱਧੂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਸਮਾਗਮ ਦੀ ਵਾਇਰਲ ਵੀਡੀਓ ‘ਚ ਬਲਕੌਰ ਸਿੰਘ ਸਰਕਾਰਾਂ ਨੂੰ ਝਾੜ ਪਾਉਂਦੇ ਨਜ਼ਰ ਆਏ। ਬਲੌਕਰ ਸਿੰਘ ਨੇ ਇਹ ਵੀ ਕਿਹਾ ਕਿ ਗੋਲਡੀ ਬਰਾੜ ਦਾ ਫੜਿਆ ਜਾਣਾ ਬੇਹੱਦ ਜ਼ਰੂਰ ਹੈ ਕਿਉਂਕਿ ਉਸ ਨੇ ਪੰਜਾਬ ਦੇ ਸੈਂਕੜੇ ਨੌਜਵਾਨ ਬੇਵਜ੍ਹਾ ਮਰਵਾ ਦਿੱਤੇ ਹਨ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਆਪਣੀ ਜ਼ਿੰਦਗੀ ਸਿਧਾਂਤਾਂ ਦੇ ਆਧਾਰ ‘ਤੇ ਬਤੀਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਾਲ ਦਾ 2 ਕਰੋੜ ਰੁਪਏ ਟੈਕਸ ਭਰਦਾ ਸੀ। ਉਹ 50 ਕਿੱਲੇ ਜਾਇਦਾਦ ਬਣਾ ਗਿਆ, ਬਾਕੀ ਕੋਈ ਮੋਟੀ ਕਮਾਈ ਉਸ ਨੇ ਨਹੀਂ ਕੀਤੀ। ਪੂਰੀ ਜ਼ਿੰਦਗੀ ਸਾਡਾ ਇਕੋ ਬੈਂਕ ਖ਼ਾਤਾ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜੋ ਪੈਸਾ ਉਹ ਟੈਕਸ ਵਜੋਂ ਦਿੰਦੇ ਹਨ, ਉਸ ਨੂੰ ਇਨਾਮ ਵਜੋਂ ਐਲਾਨ ਦਿੱਤਾ ਜਾਵੇ। ਗੋਲਡੀ ਬਰਾੜ ਕੋਈ ਵੱਡੀ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਦੀ ਜਵਾਨੀ ਗੈਂਗਸਟਰਾਂ ਹਵਾਲੇ ਕਰ ਰੱਖੀ ਹੈ। ਬਲਕੌਰ ਸਿੰਘ ਨੇ ਗੋਲਡੀ ਬਰਾੜ ‘ਤੇ ਕਾਰਵਾਈ ਨਾ ਕਰਨ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਕੋਲ 2 ਕਰੋੜ ਰੁਪਏ ਨਹੀਂ ਹਨ ਤਾਂ ਉਹ ਆਪਣੀ ਜ਼ਮੀਨ ਵੇਚ ਕੇ ਇਨਾਮ ਦੇ ਪੈਸੇ ਸਰਕਾਰ ਨੂੰ ਦੇ ਦੇਣਗੇ ਪਰ ਉਹ ਕੋਈ ਕਾਰਵਾਈ ਸ਼ੁਰੂ ਤਾਂ ਕਰਨ।