ਗੋਲਡੀ ਬਰਾੜ ਬਾਰੇ ਪਹਿਲਾਂ ਹੀ ਲੁੱਕਆਊਟ ਨੋਟਿਸ ਜਾਰੀ ਹੋ ਚੁੱਕਾ ਹੈ ਅਤੇ ਹੁਣ ਉਸ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਵੀ ਭਗੌੜਾ ਕਰਾਰ ਦੇ ਦਿੱਤਾ ਹੈ। ਪਹਿਲਾਂ ਕੈਨੇਡਾ ਅਤੇ ਹੁਣ ਅਮਰੀਕਾ ‘ਚ ਸਮਝੇ ਜਾਂਦੇ ਗੋਲਡੀ ਬਰਾੜ ਨੂੰ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰ ਮਾਈਂਡ ਮੰਨਿਆ ਜਾਂਦਾ ਹੈ। ਸਿੱਧੂ ਮੂਸੇਵਾਲਾ ‘ਤੇ 29 ਮਈ ਨੂੰ ਕੀਤੇ ਹਮਲੇ ਅਤੇ ਗੋਲੀਆਂ ਮਾਰ ਕੇ ਕੀਤੇ ਕਤਲ ਤੋਂ ਬਾਅਦ ਇਹ ਗੋਲਡੀ ਬਰਾੜ ਹੀ ਸੀ ਜਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਖ਼ਿਲਾਫ਼ ਚੰਡੀਗੜ੍ਹ ਦੇ ਇਕ ਬਿਜ਼ਨਸਮੈਨ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਸੀ। ਦਰਅਸਲ ਅਦਾਲਤ ਨੇ ਇਸ ਮਾਮਲੇ ‘ਚ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਦੇ ਮਨਜੀਤ ਸਿੰਘ ‘ਤੇ ਵੀ ਦੋਸ਼ ਤੈਅ ਕਰ ਦਿੱਤੇ ਹਨ। ਕੇਸ ‘ਚ ਹੁਣ ਟਰਾਇਲ ਸ਼ੁਰੂ ਹੋਵੇਗਾ। ਮਾਮਲੇ ‘ਚ ਆਈ.ਪੀ.ਸੀ. ਦੀ ਧਾਰਾ 387, 120 ਬੀ ਅਤੇ ਆਰਮਸ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ। ਇਸ ਕੇਸ ਦੀ ਸੁਣਵਾਈ 29 ਨਵੰਬਰ ਨੂੰ ਹੋਵੇਗੀ। ਜਾਣਕਾਰੀ ਮੁਤਾਬਕ ਸ਼ਹਿਰ ਦੇ ਇਕ ਬਿਜ਼ਨਸਮੈਨ ਨੂੰ ਇਸੇ ਸਾਲ 25 ਫਰਵਰੀ ਨੂੰ ਇਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇ ਫਿਰੌਤੀ ਦੀ ਰਕਮ ਨਹੀਂ ਦਿੱਤੀ ਗਈ ਤਾਂ ਉਸ ਦੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਵੇਗਾ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ 5 ਲੱਖ ਰੁਪਏ ਦੇ ਸਕਦਾ ਹੈ, ਪਰ ਉਸ ‘ਤੇ 25 ਲੱਖ ਰੁਪਏ ਦੇਣ ਦਾ ਦਬਾਅ ਪਾਇਆ ਗਿਆ। 10 ਲੱਖ ਅਤੇ 15 ਲੱਖ ਰੁਪਏ ਦੋ ਕਿਸ਼ਤਾਂ ‘ਚ ਮੰਗੇ ਗਏ ਸਨ। ਸ਼ਿਕਾਇਤਕਰਤਾ ਨੂੰ ਫਰਵਰੀ ‘ਚ ਮਨਜੀਤ ਨਾਮਕ ਦੋਸ਼ੀ ਦੀ ਕਾਲ ਆਈ। ਉਸ ਨੇ ਖੁਦ ਨੂੰ ਗੈਂਗਸਟਰ ਸੰਪਤ ਨਹਿਰਾ ਦਾ ਰਿਸ਼ਤੇਦਾਰ ਦੱਸਿਆ। ਉਸ ਨੇ ਬਿਜ਼ਨਸਮੈਨ ਨੂੰ ਪੰਚਕੂਲਾ ਮਿਲਣ ਲਈ ਬੁਲਾਇਆ ਸੀ। ਸ਼ਿਕਾਇਤਕਰਤਾ ਨੇ ਮਨਜੀਤ ਸਿੰਘ ਵਲੋਂ ਦੱਸੇ ਗਏ ਬੈਂਕ ਖਾਤੇ ‘ਚ 3 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਸਨ ਅਤੇ ਚਾਰ ਲੱਖ ਰੁਪਏ ਕੈਸ਼ ਦਿੱਤੇ ਸਨ। ਇਕ ਹੋਰ ਵਿਅਕਤੀ ਦੀ ਮੂੌਦਗੀ ‘ਚ ਇਹ ਰਕਮ ਦਿੱਤੀ ਗਈ ਸੀ। ਚੰਡੀਗੜ੍ਹ ਪੁਲੀਸ ਨੂੰ ਮਾਮਲੇ ਦੀ ਸ਼ਿਕਾਇਤ ਮਿਲਣ ‘ਤੇ ਮਨਜੀਤ ਸਿੰਘ ਨੂੰ 8 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਕਬਜ਼ੇ ‘ਚੋਂ ਇਕ ਪਿਸਤੌਲ, 4 ਜ਼ਿੰਦਾ ਕਾਰਤੂਸ, 1 ਸਿਮ ਕਾਰਡ, 2 ਫੋਨ ਬਰਾਮਦ ਹੋਏ ਸਨ।