ਫੀਫਾ ਵਰਲਡ ਕੱਪ-2022 ਆਪਣੇ ਆਖਰੀ ਪੜਾਅ ਉੱਤੇ ਹੈ ਅਤੇ ਕੁੱਲ 32 ਟੀਮਾਂ ਵਿੱਚੋਂ ਹੁਣ ਸਿਰਫ 4 ਟੀਮਾਂ ਖਿਤਾਬ ਦੀ ਦੌੜ ‘ਚ ਰਹਿ ਗਈਆਂ ਹਨ। ਅਰਜਨਟਾਈਨਾ, ਫਰਾਂਸ, ਕਰੋਏਸ਼ੀਆ ਤੇ ਮੋਰੱਕੋ। ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਮਿਲਣ ਵਾਲੇ ਗੋਲਡਨ ਬੂਟ ਦਾ ਖਿਤਾਬ ਦੀ ਦੌੜ ‘ਚ ਵੀ ਹੁਣ ਤਿੰਨ ਖਿਡਾਰੀ ਹੀ ਵੱਡੇ ਦਾਅਵੇਦਾਰ ਲੱਗ ਰਹੇ ਹਨ। ਫਰਾਂਸ ਦਾ ਕੇਲੀਅਨ ਮਬਾਪੇ 5 ਗੋਲਾਂ ਨਾਲ ਚੋਟੀ ਉੱਤੇ ਹੈ ਜਦੋਂ ਕਿ ਉਸ ਦਾ ਹਮਵਤਨ ਓਲੀਵਾਇਰ ਜੀਰੂ ਤੇ ਅਰਜਨਟਾਈਨਾ ਦਾ ਲਿਓਨਲ ਮੈਸੀ 4-4 ਗੋਲਾਂ ਨਾਲ ਦੂਜੇ ਨੰਬਰ ਉੱਤੇ ਚੱਲ ਰਹੇ ਹਨ। ਤਿੰਨੇ ਖਿਡਾਰੀਆਂ ਦੇ ਦੋ-ਦੋ ਮੈਚ ਹਾਲੇ ਬਾਕੀ ਹਨ। ਸੈਮੀ ਫਾਈਨਲ ਅਤੇ ਇਸ ਤੋਂ ਬਾਅਦ ਮੈਚ ਜਿੱਤਣ ਦੀ ਸੂਰਤ ‘ਚ ਫਾਈਨਲ ਤੇ ਹਾਰਨ ਦੀ ਸੂਰਤ ‘ਚ ਤੀਜੇ ਸਥਾਨ ਦਾ ਮੈਚ। ਤਿੰਨੇ ਖਿਡਾਰੀਆਂ ਤੋਂ ਬਾਅਦ ਸੱਤ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ 3-3 ਗੋਲ ਕੀਤੇ ਹਨ। ਇਹ ਹਨ ਇੰਗਲੈਂਡ ਦਾ ਰੈਸ਼ਫੋਰਡ ਤੇ ਸਾਕਾ, ਬ੍ਰਾਜ਼ੀਲ ਦਾ ਰਿਚਾਰਲੀਸਨ, ਹਾਲੈਂਡ ਦਾ ਗਾਕਪੋ, ਪੁਰਤਗਾਲ ਦਾ ਰੈਮੋਸ, ਸਪੇਨ ਦਾ ਮੋਰਾਟਾ ਤੇ ਇਕਵਾਡੋਰ ਦਾ ਵਲੇਨਸੀਆ। ਇਹ ਸੱਤੇ ਖਿਡਾਰੀਆਂ ਦੀਆਂ ਟੀਮਾਂ ਵਰਲਡ ਕੱਪ ਵਿੱਚੋਂ ਬਾਹਰ ਹੋਣ ਕਾਰਨ ਹੁਣ ਇਨ੍ਹਾਂ ਦਾ ਕੋਈ ਮੈਚ ਨਹੀਂ ਰਹਿੰਦਾ ਜਿਸ ਕਾਰਨ ਇਹ ਖਿਡਾਰੀ ਗੋਲਡਨ ਬੂਟ ਦੀ ਦੌੜ ਵਿੱਚੋਂ ਬਾਹਰ ਹਨ। 21 ਖਿਡਾਰੀਆਂ ਨੇ 2-2 ਗੋਲ ਕੀਤੇ ਹਨ ਜਿਨ੍ਹਾਂ ਵਿੱਚੋਂ ਅਰਜਨਟਾਈਨਾ ਦਾ ਅਲਵੇਰਜ਼, ਮੋਰਾਕੋ ਦਾ ਨੇਸਾਰੀ, ਕਰੋਏਸ਼ੀਆ ਦਾ ਕਰਾਮੈਰਿਕ ਹੀ ਅਜਿਹੇ ਹਨ ਜਿਨ੍ਹਾਂ ਹਾਲੇ ਮੈਚ ਖੇਡਣੇ ਹਨ। ਕੁੱਲ ਮਿਲਾ ਕੇ ਇਹੋ ਜਾਪਦਾ ਹੈ ਕਿ ਗੋਲਡਨ ਬੂਟ ਦਾ ਖਿਤਾਬ ਮਬਾਪੇ, ਜੀਰੂ ਤੇ ਮੈਸੀ ਵਿੱਚੋਂ ਹੀ ਕੋਈ ਜਿੱਤੇਗਾ।