ਘਰੇਲੂ ਧਰਤੀ ‘ਤੇ ਤੀਜਾ ਅਤੇ ਆਪਣਾ ਚੌਥਾ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਖੇਡਣ ਦੀ ਤਿਆਰੀ ਕਰ ਰਹੇ ਭਾਰਤੀ ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੇ ਕਿਹਾ ਕਿ ਉਸ ਦੀ ਟੀਮ ਪਿਛਲੀ ਵਾਰ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਵਰਲਡ ਕੱਪ ਜਿੱਤ ਸਕਦੀ ਹੈ। ਪਿਛਲੇ ਵਰਲਡ ਕੱਪ ‘ਚ ਭਾਰਤੀ ਟੀਮ ਕੁਆਰਟਰ ਫਾਈਨਲ ‘ਚ ਬਾਹਰ ਹੋ ਗਈ ਸੀ। ਜ਼ਿਕਰਯੋਗ ਹੈ ਕਿ 13 ਜਨਵਰੀ ਤੋਂ ਇਥੇ ਹਾਕੀ ਵਰਲਡ ਕੱਪ ਸ਼ੁਰੂ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਸਪੇਨ ਖ਼ਿਲਾਫ਼ ਇੰਡੀਆ ਦੇ ਪਹਿਲੇ ਗਰੁੱਪ ਮੈਚ ਤੋਂ ਪਹਿਲਾਂ ਸ੍ਰੀਜੇਸ਼ ਨੇ ਕਿਹਾ, ‘ਆਪਣੇ ਦੇਸ਼ ਲਈ ਚੌਥਾ ਵਰਲਡ ਕੱਪ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਵੀ ਜ਼ਿਆਦਾ ਖਾਸ ਗੱਲ ਇਹ ਹੈ ਕਿ ਘਰੇਲੂ ਧਰਤੀ ‘ਤੇ ਇਹ ਮੇਰਾ ਤੀਜਾ ਵਰਲਡ ਕੱਪ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਖਿਡਾਰੀ ਆਪਣੇ ਘਰ ਤਿੰਨ ਵਰਲਡ ਕੱਪ ਖੇਡਿਆ ਹੋਵੇ।’ ਉਸ ਨੇ ਕਿਹਾ, ‘2018 ‘ਚ ਅਸੀਂ ਸੈਮੀਫਾਈਨਲ ‘ਚ ਨਹੀਂ ਪਹੁੰਚ ਸਕੇ ਸੀ। ਹੁਣ ਸਾਡੇ ਕੋਲ ਇਸ ਵੱਕਾਰੀ ਮੁਕਾਬਲੇ ‘ਚ ਆਪਣੀ ਕਿਸਮਤ ਬਦਲਣ ਦਾ ਇਕ ਹੋਰ ਮੌਕਾ ਹੈ। ਉਮੀਦ ਹੈ ਕਿ ਅਸੀਂ ਆਪਣੇ ਪਿਛਲੇ ਪ੍ਰਦਰਸ਼ਨ ‘ਚ ਸੁਧਾਰ ਕਰਾਂਗੇ ਅਤੇ ਵਰਲਡ ਕੱਪ ਜਿੱਤਾਂਗੇ।’ ਮਨਪ੍ਰੀਤ ਸਿੰਘ ਤੋਂ ਬਾਅਦ ਟੀਮ ‘ਚ ਸ਼ਾਮਲ ਸਭ ਤੋਂ ਤਜਰਬੇਕਾਰ ਖਿਡਾਰੀ 34 ਸਾਲਾ ਸ੍ਰੀਜੇਸ਼ ਨੇ ਕਿਹਾ ਕਿ ਜ਼ਿਆਦਾ ਵਾਰੀ ਵਰਲਡ ਕੱਪ ਖੇਡਣ ਤੋਂ ਵੱਧ ਨਤੀਜੇ ਮਾਇਨੇ ਰੱਖਦੇ ਹਨ।