ਇਕ ਗੋਰੀ ਲੜਕੀ ਦਾ ਕਤਲ ਕਰਕੇ ਕਿਸੇ ਤਰ੍ਹਾਂ ਇੰਡੀਆ ਭੱਜ ਆਇਆ ਰਾਜਵਿੰਦਰ ਸਿੰਘ ਗ੍ਰਿਫ਼ਤਾਰੀ ਮਗਰੋਂ ਹੁਣ ਵਾਪਸ ਭੇਜਿਆ ਗਿਆ ਹੈ। ਆਸਟਰੇਲੀਆ ਦੇ ਕੁਈਨਜ਼ਲੈਂਡ ਬੀਚ ‘ਤੇ 2018 ‘ਚ ਲੜਕੀ ਮ੍ਰਿਤਕ ਪਾਈ ਗਈ ਸੀ ਅਤੇ ਕਤਲ ਮਾਮਲੇ ‘ਚ ਇਕ ਭਾਰਤੀ ਵਿਅਕਤੀ ਦੀ ਆਸਟਰੇਲੀਆ ਦੀ ਪੁਲੀਸ ਨੂੰ ਹਵਾਲਗੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਨਾਲ ਸਬੰਧ ਰਾਜਵਿੰਦਰ ਸਿੰਘ ਨੂੰ ਮੰਗਲਵਾਰ ਵਾਲੇ ਦਿਨ ਇੰਡੀਆ ਤੋਂ ਜਹਾਜ਼ ਚੜ੍ਹਾਇਆ ਗਿਆ ਜੋ ਬੁੱਧਵਾਰ ਨੂੰ ਮੈਲਬਰਨ ਪਹੁੰਚ ਗਿਆ। ਰਿਪੋਰਟ ਮੁਤਾਬਕ ਰਾਜਵਿੰਦਰ ਸਿੰਘ, ਜਿਸ ਨੂੰ ਜਾਸੂਸਾਂ ਨਾਲ ਦਿੱਲੀ ਤੋਂ ਮੈਲਬਰਨ ਲਿਜਾਇਆ ਗਿਆ, ‘ਤੇ ਟੋਯਾ ਕੋਰਡਿੰਗਲੇ ਦੇ ਕਤਲ ਦਾ ਦੋਸ਼ ਹੈ। ਜਾਸੂਸਾਂ ਮੁਤਾਬਕ 24 ਸਾਲ ਦੀ ਕੋਰਡਿੰਗਲੇ 21 ਅਕਤੂਬਰ 2018 ਨੂੰ ਆਪਣੇ ਕੁੱਤੇ ਨੂੰ ਸੈਰ ਕਰਾਉਣ ਲਈ ਕੇਰਨਜ਼ ਅਤੇ ਪੋਰਟ ਡਗਲਸ ਦੇ ਪ੍ਰਸਿੱਧ ਸੈਲਾਨੀ ਸਥਾਨਾਂ ਦੇ ਵਿਚਕਾਰ ਵੈਂਗੇਟੀ ਬੀਚ ‘ਤੇ ਗਈ ਸੀ ਪਰ ਕਦੇ ਘਰ ਨਹੀਂ ਆਈ। ਉਸ ਦੀ ਲਾਸ਼ ਅਗਲੇ ਦਿਨ ਉਸਦੇ ਪਿਤਾ ਦੁਆਰਾ ਲੱਭੀ ਗਈ ਸੀ ਜੋ ਰੇਤ ਦੇ ਟਿੱਬਿਆਂ ‘ਚ ਅੱਧੀ ਦੱਬੀ ਹੋਈ ਸੀ। ਰਿਪੋਰਟ ‘ਚ ਦੱਸਿਆ ਗਿਆ ਕਿ 38 ਸਾਲਾ ਮੁਲਜ਼ਮ ਨੂੰ ਕੁਈਨਜ਼ਲੈਂਡ ਜਾਣ ਤੋਂ ਪਹਿਲਾਂ ਵਿਕਟੋਰੀਆ ਰਾਜ ਦੀ ਅਦਾਲਤ ‘ਚ ਪੇਸ਼ ਹੋਣਾ ਪਵੇਗਾ ਜਿੱਥੇ ਇਹ ਅਪਰਾਧ ਹੋਇਆ ਸੀ। ਹਿਰਾਸਤ ‘ਚ ਭੇਜਣ ਤੋਂ ਪਹਿਲਾਂ ਸ਼ਾਇਦ ਇਸ ਹਫ਼ਤੇ ਦੇ ਅੰਤ ‘ਚ ਫਿਰ ਉਸ ਨੂੰ ਬ੍ਰਿਸਬੇਨ ‘ਚ ਇਕ ਮੈਜਿਸਟਰੇਟ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਰਾਜਵਿੰਦਰ ਸਿੰਘ ਨੂੰ ਪਿਛਲੇ ਸਾਲ ਨਵੰਬਰ ‘ਚ ਦਿੱਲੀ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕੁਈਨਜ਼ਲੈਂਡ ਸਰਕਾਰ ਨੇ ਜਾਣਕਾਰੀ ਦੇਣ ਲਈ ਇਕ ਮਿਲੀਅਨ ਡਾਲਰ ਦਾ ਇਨਾਮ ਰੱਖਿਆ ਸੀ। ਮੂਲ ਰੂਪ ‘ਚ ਪੰਜਾਬ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ ਰਾਜਵਿੰਦਰ ਸਿੰਘ ਕਤਲ ਦੇ ਸਮੇਂ ਇਨੀਸਫੈਲ ‘ਚ ਰਹਿ ਰਿਹਾ ਸੀ ਜੋ ਕਿ ਵਾਰਦਾਤ ਵਾਲੀ ਥਾਂ ਤੋਂ ਦੋ ਘੰਟੇ ਦੀ ਦੂਰੀ ‘ਤੇ ਹੈ। ਆਸਟਰੇਲੀਅਨ ਪੁਲੀਸ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਦੇਸ਼ ਛੱਡ ਕੇ ਭੱਜ ਗਿਆ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਤੋਂ ਬਾਅਦ ਪੰਜਾਬ ‘ਚ ਰਹਿ ਰਿਹਾ ਸੀ।