ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਤੇਗ ਬਹਾਦਰ ਮਿਊਜ਼ੀਅਮ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਲੋਕਾਂ ਨੂੰ ਨੌਵੇਂ ਪਾਤਸ਼ਾਹ ਵੱਲੋਂ ਦਿਖਾਏ ਧਰਮ ਨਿਰਪੱਖਤਾ ਅਤੇ ਮਨੁੱਖਤਾ ਦੀ ਸੇਵਾ ਦੇ ਉੱਚੇ-ਸੁੱਚੇ ਵਿਚਾਰਾਂ ਨੂੰ ਆਪਣੇ ਜੀਵਨ ‘ਚ ਅਪਨਾਉਣ ਲਈ ਆਖਿਆ। ਉਨ੍ਹਾਂ ਪੰਜ ਪਿਆਰਾ ਪਾਰਕ ‘ਚ ਚੱਲ ਰਹੇ ਕੰਮ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ ਵੱਲੋਂ ਦਿਖਾਏ ਆਤਮ ਬਲੀਦਾਨ ਦੇ ਰਾਹ ਨੂੰ ਜ਼ਿੰਦਗੀ ‘ਚ ਅਪਨਾਉਣ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮਿਊਜ਼ੀਅਮ ਅਤਿ-ਆਧੁਨਿਕ ਤਕਨਾਲੋਜੀ ਅਤੇ ਆਡੀਓ-ਵੀਡੀਓ ਪੇਸ਼ਕਾਰੀ ਨਾਲ ਲੈਸ ਹੋਣ ਮਗਰੋਂ ਲੋਕਾਂ ਨੂੰ ਮੁੜ ਸਮਰਪਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਿਊਜ਼ੀਅਮ ‘ਚ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਕੰਧਾਂ ਉਤੇ ਲੱਗੀਆਂ ਪੇਂਟਿੰਗਾਂ ਰਾਹੀਂ ਹੀ ਦਰਸਾਇਆ ਜਾਂਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਮਿਊਜ਼ੀਅਮ ਦੇ ਨਵੀਨੀਕਰਨ ‘ਤੇ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਆਈ ਹੈ। ਗੁਰੂ ਜੀ ਵੱਲੋਂ ਧਰਮ ਦੀ ਰਾਖੀ ਲਈ ਦਿੱਤੇ ਬਲਿਦਾਨ ਬਾਰੇ ਵਿਸ਼ਾ-ਵਸਤੂ ਅਤੇ ਸਿੱਖਿਆਵਾਂ ਨੂੰ 2ਡੀ ਵਰਗੀ ਤਕਨਾਲੋਜੀ ਦੀ ਵਰਤੋਂ ਰਾਹੀਂ ਐਨੀਮੇਸ਼ਨ ਵੀਡੀਓਜ਼, ਰੋਸ਼ਨੀਆਂ ਤੇ ਮੌਖਿਕ ਜਾਣਕਾਰੀ ਰਾਹੀਂ ਦਰਸਾਇਆ ਜਾਵੇਗਾ। ਇਸ ਸਬੰਧੀ ਇਕ ਮੋਬਾਈਲ ਐਪਲੀਕੇਸ਼ਨ ਵੀ ਵਿਕਸਤ ਕੀਤੀ ਗਈ ਹੈ, ਜਿਸ ਦੀ ਆਪਣੇ ਮੋਬਾਈਲ ਰਾਹੀਂ ਵਰਤੋਂ ਨਾਲ ਕੋਈ ਵੀ ਵਿਅਕਤੀ ਇੱਥੇ ਸਾਰੀ ਜਾਣਕਾਰੀ ਹਾਸਲ ਕਰ ਸਕਦਾ ਹੈ। ਧਾਰਮਿਕ ਸ਼ਹਿਰਾਂ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕਰਨ ਲਈ ਅਕਾਲੀ ਲੀਡਰਸ਼ਿਪ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੱਡੇ-ਵੱਡੇ ਦਮਗਜ਼ੇ ਮਾਰਦੇ ਰਹੇ ਹਨ ਪਰ ਉਨ੍ਹਾਂ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਲਈ ਕੁਝ ਵੀ ਵਿਹਾਰਕ ਕੰਮ ਨਹੀਂ ਕੀਤਾ। ਇਸ ਸਮੇਂ ਮੁੱਖ ਮੰਤਰੀ ਟੌਲ ਪਲਾਜ਼ੇ ਬੰਦ ਕਰਨ ਸਮੇਤ ਸਰਕਾਰ ਦੀਆਂ ਹੋਰ ਇਕ ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ। ਕੈਬਨਿਟ ਮੰਤਰੀ ਹਰਜੋਤ ਬੈਂਸ ਸਮੇਤ ਹੋਰ ਸ਼ਖਸੀਅਤਾਂ ਇਸ ਮੌਕੇ ਮੌਜੂਦ ਸਨ।