‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਸਿੱਧਾ ਹਮਲਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਨਾਲਾ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਪੁਲੀਸ ਥਾਣੇ ਲਿਜਾਣ ਵਾਲਿਆਂ ਨੂੰ ਪੰਜਾਬ ਦੇ ‘ਵਾਰਿਸ’ ਨਹੀਂ ਕਿਹਾ ਜਾ ਸਕਦਾ ਹੈ। ਅਜਨਾਲਾ ਘਟਨਾ ਤੋਂ ਬਾਅਦ ਮੁੱਖ ਮੰਤਰੀ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਟਵੀਟ ਕੀਤਾ, ‘ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਪੰਜਾਬੀਅਤ ਦੇ ‘ਵਾਰਿਸ’ ਅਖਵਾਉਣ ਦੇ ਕਾਬਿਲ ਨਹੀਂ ਹੋ ਸਕਦੇ।’ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਮਗਰੋਂ ਸੂਬੇ ‘ਚ ਸਿਆਸੀ ਮਾਹੌਲ ਭਖ਼ ਗਿਆ ਹੈ। ਅਜਨਾਲਾ ਘਟਨਾ ਦੀ ਸਾਰੀਆਂ ਸਿਆਸੀ ਧਿਰਾਂ ਨੇ ਨਿਖੇਧੀ ਕੀਤੀ ਹੈ। ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਮਰਥਕਾਂ ਨਾਲ ਵੀਰਵਾਰ ਨੂੰ ਅਜਨਾਲਾ ਪੁਲੀਸ ਥਾਣੇ ‘ਤੇ ਧਾਵਾ ਬੋਲ ਦਿੱਤਾ ਸੀ। ਪ੍ਰਦਰਸ਼ਨਕਾਰੀ ਆਪਣੇ ਨਾਲ ਪਾਲਕੀ ‘ਚ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਸਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਪੁਲੀਸ ਥਾਣੇ ਦੇ ਅੰਦਰ ਦਾਖ਼ਲ ਹੋਏ ਸਨ। ਹਾਲਾਂਕਿ ਪੁਲੀਸ ਨੇ ਅਗਵਾ ਮਾਮਲੇ ਦੇ ਮੁਲਜ਼ਮ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਸ ਦੇ ਬਾਵਜੂਦ ਅੰਮ੍ਰਿਤਪਾਲ ਨੇ ਆਪਣੇ ਸਮਰਥਕਾਂ ਨਾਲ ਪੁਲੀਸ ਥਾਣੇ ‘ਚ ਦਾਖ਼ਲ ਹੋ ਕੇ ਪੁਲੀਸ ਨੂੰ ਕਥਿਤ ਤੌਰ ‘ਤੇ ਧਮਕਾਇਆ। ਇਸ ਦੌਰਾਨ ਪੁਲੀਸ ‘ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਵੀ ਹੋਈ, ਜਿਸ ਕਰਕੇ ਕਈ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ। ਅਜਨਾਲਾ ‘ਚ ਵਾਪਰੀ ਘਟਨਾ ਮਗਰੋਂ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਸੀ ਕਿ ਹਮਲਾਵਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ‘ਤੇ ਹਮਲਾ ਕੀਤਾ ਹੈ। ਪੁਲੀਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ‘ਚ ਮਾਮਲੇ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਥਾਣੇ ‘ਤੇ ਹਮਲਾ ਕੀਤਾ ਹੈ।