ਜੰਮੂ-ਕਸ਼ਮੀਰ ਦੇ ਊਧਮਪੁਰ ਸ਼ਹਿਰ ‘ਚ ਬੱਸ ਸਟੈਂਡ ‘ਤੇ ਖੜ੍ਹੀ ਇਕ ਬੱਸ ‘ਚ ਵੀਰਵਾਰ ਸਵੇਰੇ ਧਮਾਕਾ ਹੋ ਗਿਆ। ਸੂਤਰਾਂ ਮੁਤਾਬਕ ਕੁਝ ਘੰਟਿਆਂ ਦੇ ਵਕਫ਼ੇ ਮਗਰੋਂ ਸ਼ਹਿਰ ‘ਚ ਦੋ ਧਮਾਕੇ ਹੋਣ ਮਗਰੋਂ ਸੁਰੱਖਿਆ ਏਜੰਸੀਆਂ ਨੇ ‘ਹਾਈ ਅਲਰਟ’ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ 5 ਵਜ ਕੇ 40 ਮਿੰਟ ‘ਤੇ ਇਹ ਧਮਾਕਾ ਹੋਇਆ। ਚੰਗੀ ਗੱਲ ਇਹ ਹੈ ਕਿ ਇਸ ਘਟਨਾ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਧਮਾਕੇ ‘ਚ ਬੱਸ ਦੀ ਛੱਤ ਅਤੇ ਪਿੱਛੇ ਦਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਊਧਮਪੁਰ ਸ਼ਹਿਰ ‘ਚ ਕਰੀਬ 8 ਘੰਟਿਆਂ ਦੇ ਅੰਦਰ ਇਹ ਦੂਜਾ ਧਮਾਕਾ ਹੈ। ਦੋਮੇਲ ਚੌਕ ‘ਤੇ ਇਕ ਪੈਟਰੋਲ ਪੰਪ ਕੋਲ ਖੜ੍ਹੀ ਇਕ ਬੱਸ ‘ਚ ਬੁੱਧਵਾਰ ਰਾਤ ਧਮਾਕਾ ਹੋਣ ਨਾਲ ਦੋ ਲੋਕ ਜ਼ਖਮੀ ਹੋ ਗਏ ਸਨ। ਸੂਤਰਾਂ ਨੇ ਦੱਸਿਆ ਕਿ ਜਿਸ ਬੱਸ ‘ਚ ਧਮਾਕਾ ਹੋਇਆ ਉਹ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਤੋਂ ਆਈ ਸੀ ਅਤੇ ਰਾਤ ‘ਚ ਬੱਸ ਸਟੈਂਡ ‘ਤੇ ਰੁਕੀ ਸੀ। ਇਸ ਬੱਸ ਨੂੰ ਸਵੇਰੇ ਬਸੰਤਗੜ੍ਹ ਲਈ ਰਵਾਨਾ ਹੋਣਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਘਟਨਾ ਦੇ ਅੱਤਵਾਦ ਨਾਲ ਜੁੜੇ ਹੋਣ ਦੇ ਪਹਿਲੂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਪੁਲੀਸ ਨੇ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਆਪਣੇ ਵਾਹਨਾਂ ਦਾ ਧਿਆਨ ਰੱਖਣ ਨੂੰ ਕਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਅਤੇ ਹੋਰ ਸੁਰੱਖਿਆ ਬਲਾਂ ਦੇ ਕਰਮੀਆਂ ਨੇ ਬੱਸ ਸਟੈਂਡ ਨੂੰ ਘੇਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾਵਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 4 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਦੌਰੇ ਤੋਂ ਕੁਝ ਦਿਨ ਪਹਿਲਾਂ ਹੋਈਆਂ ਹਨ। ਉਨ੍ਹਾਂ ਨੇ 30 ਸਤੰਬਰ ਨੂੰ ਜੰਮੂ ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ‘ਤੇ ਜਾਣਾ ਸੀ ਅਤੇ ਪਹਿਲੀ ਅਕਤੂਬਰ ਨੂੰ ਰਾਜੌਰੀ ਤੇ 2 ਅਕਤੂਬਰ ਨੂੰ ਬਾਰਾਮੂਲਾ ‘ਚ ਜਨ ਸਭਾਵਾਂ ਕਰਨੀਆਂ ਸਨ। ਹਾਲਾਂਕਿ ਬਾਅਦ ‘ਚ ਦੌਰੇ ਦੇ ਪ੍ਰੋਗਰਾਮ ‘ਚ ਫੇਰਬਦਲ ਕੀਤਾ ਗਿਆ।