ਪੰਜਾਬ ਸਰਕਾਰ ਨੇ ਸੂਬਾਈ ਪੁਲੀਸ ਪ੍ਰਸ਼ਾਸਨ ’ਚ ਵੱਡਾ ਫੇਰਬਦਲ ਕਰਦਿਆਂ 1992 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਗੌਰਵ ਯਾਦਵ ਨੂੰ ਸੂਬੇ ਦੇ ਡੀ.ਜੀ.ਪੀ. ਦਾ ਚਾਰਜ ਦੇਣ ਸਬੰਧੀ ਹੁਕਮ ਜਾਰੀ ਕੀਤੇ ਹਨ। ਸੂਬੇ ਦੇ ਮੌਜੂਦਾ ਡੀ.ਜੀ.ਪੀ. ਵੀਰੇਸ਼ ਕੁਮਾਰ ਭਾਵਡ਼ਾ ਭਲਕੇ 5 ਜੁਲਾਈ ਤੋਂ 2 ਮਹੀਨਿਆਂ ਲਈ ਛੁੱਟੀ ’ਤੇ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਸੰਗਰੂਰ ਸੰਸਦੀ ਹਲਕੇ ਤੋਂ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਉਪਰੰਤ ‘ਆਪ’ ਸਰਕਾਰ ਨੇ ਭਾਵਡ਼ਾ ਨੂੰ ਅਹੁਦਾ ਛੱਡਣ ਦੀ ਬੇਨਤੀ ਕਰਨ ਜਾਂ ਛੁੱਟੀ ’ਤੇ ਜਾਣ ਸਬੰਧੀ ਜ਼ੁਬਾਨੀ ਫੁਰਮਾਨ ਜਾਰੀ ਕਰ ਦਿੱਤਾ ਸੀ। ਸਰਕਾਰ ਦੇ ਸੂਤਰਾਂ ਮੁਤਾਬਕ ‘ਆਪ’ ਲੀਡਰਸ਼ਿਪ ਵੱਲੋਂ ਗੌਰਵ ਯਾਦਵ ਦੀ ਸੂਬੇ ਦੇ ਅਗਲੇ ਡੀ.ਜੀ.ਪੀ. ਵਜੋਂ ਇਕ ਤਰ੍ਹਾਂ ਨਾਲ ਚੋਣ ਕਰ ਲਈ ਹੈ ਤੇ ਯੂ.ਪੀ.ਐੱਸ.ਸੀ. ਦੀ ਮੋਹਰ ਲਵਾਉਣੀ ਹੀ ਬਾਕੀ ਹੈ।