ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ‘ਚ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਮਾਮਲੇ ‘ਚ ਜ਼ਿਲ੍ਹਾ ਅਦਾਲਤ ਨੇ ਦਵਿੰਦਰ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ‘ਤੇ ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ। ਸ਼ੂਟਰ ਨੀਰਜ ਖ਼ਿਲਾਫ਼ ਹੁਣ ਜ਼ਿਲ੍ਹਾ ਅਦਾਲਤ ‘ਚ ਟ੍ਰਾਇਲ ਚੱਲੇਗਾ। ਗੁਰਲਾਲ ਦਾ 10 ਅਕਤੂਬਰ 2020 ਨੂੰ ਇੰਡਸਟ੍ਰੀਅਲ ਏਰੀਆ ਫੇਜ਼-1 ‘ਚ ਦੇਰ ਸ਼ਾਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਮੋਟਰਸਾਈਕਲ ‘ਤੇ ਸਨ। ਪੁਲੀਸ ਕੇਸ ਮੁਤਾਬਕ ਬੰਬੀਹਾ ਗੈਂਗ ਦੇ ਮੈਂਬਰਾਂ ਨੇ ਇਹ ਕਤਲ ਕੀਤਾ ਸੀ। ਸਿਟੀ ਇੰਪੋਰੀਅਮ ਮਾਲ ਦੇ ਸਾਹਮਣੇ ਇਹ ਕਤਲ ਹੋਇਆ ਸੀ। ਪੁਲੀਸ ਨੇ ਚਸਕਾ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਰਜ ਕੀਤੀ ਸੀ। ਉਸ ਖ਼ਿਲਾਫ਼ ਕਤਲ, ਅਪਰਾਧਿਕ ਸਾਜਿਸ਼ ਰਚਨ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਲਾਈਆਂ ਸਨ। ਇਸ ਕਤਲ ਕਾਂਡ ‘ਚ ਪਹਿਲਾਂ ਪੁਲੀਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ‘ਚ ਗੁਰਵਿੰਦਰ ਸਿੰਘ ਉਰਫ ਢਾਡੀ, ਗੁਰਮੀਤ ਸਿੰਘ ਉਰਫ ਗੀਤਾ, ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਚਮਕੌਰ ਸਿੰਘ ਬੈਂਤ ਸ਼ਾਮਲ ਹਨ। ਇਨ੍ਹਾਂ ਖਿਲਾਫ਼ ਪਹਿਲਾਂ ਹੀ ਚਾਰਜਸ਼ੀਟ ਸੌਂਪੀ ਜਾ ਚੁੱਕੀ ਹੈ। ਸਿਟੀ ਐਂਪੋਰੀਅਮ ‘ਚ ਪਲੇਬੁਆਏ ਕਲੱਬ ‘ਚ ਵੈਲੇਟ ਪਾਰਕਿੰਗ ਲਈ ਤਾਇਨਾਤ ਡਰਾਈਵਰ ਵਿਕਾਸ ਤਿਵਾੜੀ ਦੇ ਬਿਆਨ ‘ਤੇ ਇਹ ਕੇਸ ਦਰਜ ਹੋਇਆ ਸੀ। ਉਸਨੇ ਪੁਲੀਸ ਨੂੰ ਦੱਸਿਆ ਸੀ ਕਿ ਘਟਨਾ ਸਮੇਂ ਪਿਸਤੌਲ ਲੈ ਕੇ ਦੋ ਹਮਲਾਵਰ ਸੈਂਟਰਾ ਮਾਲ ਵੱਲੋਂ ਪੈਦਲ ਆਏ ਅਤੇ ਫਾਰਚੂਨਰ ਕਾਰ ‘ਚ ਬੈਠੇ ਵਿਅਕਤੀ ‘ਤੇ ਗੋਲੀਆਂ ਚਲਾਈਆਂ ਸਨ। ਨੇੜੇ ਤੋਂ 6-7 ਗੋਲੀਆਂ ਚਲਾ ਕੇ ਮੋਟਰਸਾਈਕਲ ‘ਤੇ ਆਏ ਹੋਰ ਵਿਅਕਤੀ ਨਾਲ ਬੈਠ ਕੇ ਉਹ ਫਰਾਰ ਹੋ ਗਏ ਸਨ। ਹਾਲਾਂਕਿ ਕੇਸ ‘ਚ ਤਿਵਾੜੀ ਆਪਣੇ ਪਹਿਲਾਂ ਵਾਲੇ ਬਿਆਨਾਂ ਤੋਂ ਮੁੱਕਰ ਗਿਆ ਸੀ। ਉਹ ਕਥਿਤ ਸ਼ੂਟਰ ਚਮਕੌਰ ਸਿੰਘ ਨੂੰ ਨਹੀਂ ਪਛਾਣ ਸਕਿਆ ਸੀ।