ਗੈਂਗਸਟਰ ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਅਤੇ ਚੰਡੀਗੜ੍ਹ ਦੇ ਸੁਰਜੀਤ ਬਾਊਂਸਰ ਦੇ ਕਤਲ ‘ਚ ਲੋੜੀਂਦੇ ਗੈਂਗਸਟਰ ਨੀਰਜ ਚਸਕਾ ਨੂੰ ਪੰਜਾਬ ਐਂਟੀ ਗੈਂਗ ਟਾਸਕ ਫੋਰਸ ਨੇ ਜੰਮੂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚਸਕਾ ਦਵਿੰਦਰ ਬੰਬੀਹਾ ਗਰੋਹ ਦਾ ਮੈਂਬਰ ਹੈ। ਗੋਲਡੀ ਬਰਾੜ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਸੀ ਕਿ ਪੁਲੀਸ ਨੇ ਉਸ ਦੇ ਚਚੇਰੇ ਭਰਾ ਦੇ ਕਾਤਲਾਂ ਨੂੰ ਛੱਡ ਦਿੱਤਾ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਚਸਕਾ ਦੇ ਕਬਜ਼ੇ ਵਿੱਚੋਂ ਦੋ ਵਿਦੇਸ਼ੀ ਪਸਤੌਲਾਂ ਅਤੇ 17 ਕਾਰਤੂਸ ਬਰਾਮਦ ਕੀਤੇ ਹਨ। ਯਾਦਵ ਨੇ ਦੱਸਿਆ ਕਿ ਗੁਰਲਾਲ ਦੇ ਕਤਲ ਤੋਂ ਇਲਾਵਾ ਚਸਕਾ ਦੀ ਚਾਰ ਹੋਰ ਕਤਲਾਂ ‘ਚ ਸਿੱਧੀ ਸ਼ਮੂਲੀਅਤ ਸੀ। ਇਨ੍ਹਾਂ ‘ਚ ਅਗਸਤ 2019 ‘ਚ ਕਬੱਡੀ ਖਿਡਾਰੀ ਮਨੀ ਦਾ ਕਤਲ ਵੀ ਸ਼ਾਮਲ ਹੈ ਜਿਸ ਨੂੰ ਫਿਰੋਜ਼ਪੁਰ ਜੇਲ੍ਹ ‘ਚ ਬੰਦ ਅਮਨਾ ਜੈਤੋ ਦੇ ਇਸ਼ਾਰੇ ‘ਤੇ ਕਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮਾਰਚ 2021 ‘ਚ ਪਰਦੀਪ ਉਰਫ਼ ਪੰਜਾ ਅਤੇ ਰਾਹੁਲ ਦੀ ਅੰਬਾਲਾ ‘ਚ ਹੱਤਿਆ ਕਰ ਦਿੱਤੀ ਗਈ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਚਸਕਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਰਚ 2020 ‘ਚ ਚੰਡੀਗੜ੍ਹ ਦੇ ਸੈਕਟਰ-38 ‘ਚ ਸੁਰਜੀਤ ਬਾਊਂਸਰ ਦਾ ਕਤਲ ਕੀਤਾ ਸੀ। ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਸੀ ਕਿ ਸਕੇਤੜੀ ‘ਚ ਬਾਊਂਸਰ ਅਮਿਤ ਸ਼ਰਮਾ ਦੀ ਹੱਤਿਆ ਦਾ ਬਦਲਾ ਲੈਣ ਲਈ ਸੁਰਜੀਤ ਬਾਊਂਸਰ ਦੀ ਹੱਤਿਆ ਕੀਤੀ ਗਈ ਹੈ। ਯਾਦਵ ਨੇ ਕਿਹਾ ਕਿ ਚਸਕਾ ਤੋਂ ਪੁੱਛ-ਪੜਤਾਲ ਨਾਲ ਬੰਬੀਹਾ ਗਰੋਹ ਦੀਆਂ ਹੋਰ ਗਤੀਵਿਧੀਆਂ ਅਤੇ ਯੋਜਨਾਵਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਈ ਸਾਥੀਆਂ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਗੁਰਲਾਲ ਬਰਾੜ ਦੇ ਕਤਲ ‘ਚ ਸ਼ਾਮਲ ਹੋਣ ਕਰਕੇ ਚਸਕਾ ਬਿਸ਼ਨੋਈ ਗਰੋਹ ਦੀ ਹਿੱਟ ਲਿਸਟ ‘ਤੇ ਸੀ।
ਗੁਰਲਾਲ ਬਰਾੜ ਕਤਲ ਕੇਸ ‘ਚ ਲੋੜੀਂਦਾ ਗੈਂਗਸਟਰ ਨੀਰਜ ਚਸਕਾ ਜੰਮੂ ਤੋਂ ਕਾਬੂ
Related Posts
Add A Comment