ਗੁਰੂਰਾਜਾ ਪੁਜਾਰੀ ਨੇ ਰਾਸ਼ਟਰਮੰਡਲ ਖੇਡਾਂ 2022 ’ਚ ਇੰਡੀਆ ਨੂੰ ਦੂਜਾ ਤਗ਼ਮਾ ਦਿਵਾਉਂਦੇ ਹੋਏ 61 ਕਿਲੋਗ੍ਰਾਮ ਵੇਟਲਿਫਟਿੰਗ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਗੋਲਡਕੋਸਟ 2018 ਚਾਂਦੀ ਦਾ ਤਗ਼ਮਾ ਜੇਤੂ ਗੁਰੂਰਾਜਾ ਨੇ ਸਨੈਚ ’ਚ 118 ਕਿਲੋਗ੍ਰਾਮ ਚੁੱਕਣ ਤੋਂ ਬਾਅਦ ਕਲੀਨ ਐਂਡ ਜਰਕ ’ਚ ਆਪਣੇ ਜੀਵਨ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 151 ਕਿਲੋਗ੍ਰਾਮ ਦੇ ਅੰਕ ਨੂੰ ਛੂਹਿਆ ਅਤੇ ਉਨ੍ਹਾਂ ਦਾ ਕੁੱਲ ਸਕੋਰ 269 ਕਿਲੋਗ੍ਰਾਮ ਰਿਹਾ। ਭਾਰਤੀ ਲਿਫਟਰ ਆਪਣੀ ਦੂਜੀ ਕੋਸ਼ਿਸ਼ ’ਚ 148 ਕਿਲੋਗ੍ਰਾਮ ਚੁੱਕ ਕੇ ਕੈਨੇਡਾ ਦੇ ਯੂਰੀ ਸਿਮਾਡਰ (ਕੁੱਲ 268) ਤੋਂ ਪਿੱਛੇ ਚੱਲ ਰਹੇ ਸਨ ਪਰ ਤੀਸਰੀ ਕੋਸ਼ਿਸ਼ ’ਚ ਉਨ੍ਹਾਂ ਨੇ 151 ਕਿਲੋਗ੍ਰਾਮ ਭਾਰ ਚੁੱਕ ਕੇ ਇੰਡੀਆ ਲਈ ਦੂਜਾ ਤਮਗਾ ਯਕੀਨੀ ਬਣਾਇਆ। ਮਲੇਸ਼ੀਆ ਦੇ ਅਜ਼ਨਿਲ ਬਿਨ ਬਿਦਿਨ ਮੁਹਮੰਦ ਨੇ ਕੁੱਲ 285 ਕਿਲੋਗ੍ਰਾਮ ਵਜ਼ਨ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ। ਕਲੀਨ ਐਂਡ ਜਰਕ ’ਚ 158 ਕਿਲੋਗ੍ਰਾਮ ਦੀ ਸਰਵੋਤਮ ਲਿਫਟਰ ਅਜ਼ਨਿਲ ਨੇ ਸਨੈਚ ਰਾਊਂਡ ’ਚ 127 ਕਿਲੋਗ੍ਰਾਮ ਦੀ ਲਿਫਟ ਨਾਲ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਪਾਪੁਆ ਨਿਊ ਗਿਨਿਆ ਨੇ ਮੋਰੇਯਾ ਬਾਰੂ ਨੇ 273 ਕਿਲੋਗ੍ਰਾਮ ਦੇ ਕੁੱਲ ਸਕੋਰ ਨਾਲ ਦੂਜਾ ਸਥਾਨ ਹਾਸਲ ਕੀਤਾ।