ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤਣ ਮਗਰੋਂ ਗੁਰਦਾਸਪੁਰ ਲੋਕ ਸਭਾ ਹਲਕੇ ‘ਚ ਦਿਖਾਈ ਨਾ ਦੇਣ ਕਰਕੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਇਕ ਵਾਰ ਫਿਰ ਪੋਸਟਰ ਲੱਗ ਗਏ ਹਨ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਸਟਾਰ ਸੰਨੀ ਦਿਓਲ ਇਸ ਕਾਰਨ ਫਿਰ ਚਰਚਾ ‘ਚ ਆ ਗਏ ਹਨ ਅਤੇ ਸੋਸ਼ਲ ਮੀਡੀਆ ‘ਤੇ ਵਾਇਲਰ ਹੋਣ ਮਗਰੋਂ ਲੋਕਾਂ ਦੀਆਂ ਦਿਲਚਸਪ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਇਲਾਕੇ ‘ਚੋਂ ਸੰਨੀ ਦਿਓਲ ਦੇ ਗਾਇਬ ਹੋਣ ਨੂੰ ਲੈ ਕੇ ਲੋਕਾਂ ਦੇ ਘਰਾਂ ‘ਚ ਪੋਸਟਰ ਲਗਾਏ ਜਾਣੇ ਸ਼ੁਰੂ ਹੋ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ‘ਚ ਸੰਨੀ ਦਿਓਲ ਦੀ ਗੈਰ-ਮੌਜੂਦਗੀ ਦੇ ਮੱਦੇਨਜ਼ਰ ਉਸ ਨੂੰ ‘ਲਾਪਤਾ’ ਕਰਾਰ ਦਿੱਤਾ ਗਿਆ ਹੈ। ਲੋਕਾਂ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਸਾਰੀਆਂ ਜਨਤਕ ਥਾਵਾਂ ‘ਤੇ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਚਿਪਕਾਏ ਹਨ। ਪੋਸਟਰ ‘ਚ ਲਿਖਿਆ ਗਿਆ ਹੈ, ‘ਸੰਨੀ ਦਿਓਲ ਗੁੰਮਸ਼ੁਦਾ ਦੀ ਤਲਾਸ਼।’ ਜ਼ਿਕਰਯੋਗ ਹੈ ਕਿ ਇਲਾਕੇ ਦੇ ਲੋਕ ਸੰਨੀ ਦਿਓਲ ਦੀ ਕਾਰਗੁਜ਼ਾਰੀ ਤੋਂ ਕਾਫੀ ਨਾਖੁਸ਼ ਹਨ। ਪਿਛਲੇ ਦਿਨੀਂ ਵੀ ਸੰਨੀ ਦਿਓਲ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ ਅਤੇ ਹੁਣ ਲੋਕਾਂ ਨੇ ਸੰਨੀ ਦਿਓਲ ਨੂੰ ਲਾਪਤਾ ਕਰਾਰ ਦੇ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੰਨੀ ਦਿਓਲ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਚੰਗਾ ਨੁਮਾਇੰਦਾ ਚੁਣ ਕੇ ਹਲਕੇ ਦੀਆਂ ਮੰਗਾਂ ਲੋਕ ਸਭਾ ਤੱਕ ਪਹੁੰਚਾ ਸਕੇ। ਸੰਨੀ ਦਿਓਲ ਦੇ ‘ਲਾਪਤਾ’ ਹੋਣ ਵਾਲੇ ਪੋਸਟਰ ਕੰਧਾਂ ਤੋਂ ਇਲਾਵਾ ਕਈ ਲੋਕਾਂ ਦੀਆਂ ਗੱਡੀਆਂ ਦੇ ਪਿਛਲੇ ਪਾਸੇ ਸ਼ੀਸ਼ੇ ‘ਤੇ ਵੀ ਲਾਏ ਗਏ ਹਨ।