ਸੋਸ਼ਲ ਮੀਡੀਆ ‘ਤੇ ਵਾਇਰਲ ਇਕ ਵੀਡੀਓ ‘ਚ ਪਾਕਿਸਤਾਨ ਵਿਚਲੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਜੋੜੇ ਪਹਿਨ ਕੇ ਸ਼ੂਟਿੰਗ ਕਰਨ ਤੋਂ ਵਿਵਾਦ ਭਖ ਗਿਆ ਹੈ। ਅਸਲ ‘ਚ ਇਕ ਫ਼ਿਲਮ ਦੀ ਸ਼ੂਟਿੰਗ ਪਾਕਿਸਤਾਨ ਵਾਲੇ ਲਹਿੰਦੇ ਪੰਜਾਬ ਦੇ ਅਟਕ ਜ਼ਿਲ੍ਹੇ ‘ਚ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ‘ਚ ਕੀਤੀ ਜਾ ਰਹੀ ਸੀ ਜਿਸ ਮਗਰੋਂ ਸਿੱਖ ਭਾਈਚਾਰੇ ‘ਚ ਰੋਸ ਹੈ। ਵਾਇਰਲ ਵੀਡੀਓ ‘ਚ ਕੁਝ ਵਿਅਕਤੀਆਂ ਦਾ ਗਰੁੱਪ ਮੂਵੀ ਕੈਮਰਿਆਂ ਅਤੇ ਸਹਾਇਕ ਸਟਾਫ ਸਣੇ ਗੁਰਦੁਆਰੇ ‘ਚ ਟਹਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਗੁਰਦੁਆਰਾ ਕੰਪਲੈਕਸ ‘ਚ ਮੌਕੇ ‘ਤੇ ਹਾਜ਼ਰ ਸ਼ਰਧਾਲੂਆਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਫ਼ਿਲਮ ਟੀਮ ਨੂੰ ਉਥੋਂ ਜਾਣ ਅਤੇ ਫੁਟੇਜ ਡਿਲੀਟ ਕਰਨ ਲਈ ਆਖਿਆ। ਘਟਨਾ ਦੇ ਵੀਡੀਓ ਬਣਾਉਣ ਵਾਲੇ ਵਿਅਕਤੀ ਮੁਤਾਬਕ ਫ਼ਿਲਮ ਟੀਮ ਸਿਰਫ ਉਥੇ ਸ਼ੂਟਿੰਗ ਕਰਨ ਆਈ ਸੀ। ਦੂਜੇ ਪਾਸੇ ਫ਼ਿਲਮ ਅਮਲਾ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ, ‘ਅਸੀਂ ਤਾਂ ਤੁਹਾਡੇ ਮਹਿਮਾਨ ਹਾਂ ਅਤੇ ਤੁਸੀਂ ਸਾਡੇ ਨਾਲ ਅਜਿਹਾ ਸਲੂਕ ਕਰ ਰਹੇ ਹੋ।’ ਅਮਲੇ ਦੇ ਇਕ ਮੈਂਬਰ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਵੱਲੋਂ ਵਿਰੋਧ ਕਰਨ ‘ਤੇ ਉਨ੍ਹਾਂ ਨੇ ਸ਼ੂਟਿੰਗ ਰੋਕ ਦਿੱਤੀ। ਸੂਤਰਾਂ ਮੁਤਾਬਕ ਟੀਮ ਵੱਲੋਂ ਫ਼ਿਲਮ ‘ਲਾਹੌਰ ਲਾਹੌਰ ਹੈ’ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਦੂਜੇ ਪਾਸੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਘਟਨਾ ਦਾ ਨੋਟਿਸ ਲੈਂਦਿਆਂ ਟਵੀਟ ਕੀਤਾ, ‘ਪਾਕਿਸਤਾਨ ‘ਚ ਧਾਰਮਿਕ ਸਥਾਨਾਂ ‘ਤੇ ਲਗਾਤਾਰ ਬੇਅਦਬੀ ਵਾਲੀਆਂ ਕਾਰਵਾਈਆਂ ਹੋ ਰਹੀਆਂ।’ ਸਿਰਸਾ ਨੇ ਦਾਅਵਾ ਕੀਤਾ ਕਿ ਘਟਨਾ ਦੀ ਵੀਡੀਓ ਬਣਾਉਣ ਵਾਲਾ ਵਿਅਕਤੀ ਵੀਡੀਓ ਵਾਇਰਲ ਹੋਣ ਮਗਰੋਂ ਕਥਿਤ ਲਾਪਤਾ ਹੈ ਅਤੇ ਸਥਾਨਕ ਲੋਕਾਂ ਵੱਲੋਂ ਉਸ ਨੂੰ ਵੀਡੀਓ ਵਾਇਰਲ ਕਰਨ ਖ਼ਿਲਾਫ਼ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ ਹੈ। ਇਸ ਵੀਡੀਓ ‘ਚ ਕੁਝ ਲੋਕ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਜੋੜੇ ਪਹਿਨ ਕੇ ਤੁਰਦੇ ਫਿਰਦੇ ਤੇ ਸ਼ੂਟਿੰਗ ਕਰਦੇ ਦਿਖਾਈ ਦਿੰਦੇ ਹਨ।