ਠੱਗੀਆਂ ਮਾਰਨ ਵਾਲੇ ਆਏ ਦਿਨ ਨਵੇਂ ਢੰਗ ਤਰੀਕੇ ਲੱਭ ਕੇ ਲੋਕਾਂ ਨੂੰ ਰਗੜਾ ਲਾਉਂਦੇ ਹਨ ਅਤੇ ਆਨਲਾਈਨ ਠੱਗੀਆਂ ‘ਚ ਕਾਫੀ ਵਾਧਾ ਹੋਇਆ ਹੈ। ਹੁਣ ਬ੍ਰਿਟੇਨ ਦੇ ਇਕ ਗੁਰਦੁਆਰਾ ਸਾਹਿਬ ਨੇ ਧੋਖਾਧੜੀ ਕਰਨ ਵਾਲੇ ਲੋਕਾਂ ਵੱਲੋਂ ਆਪਣਾ ਤਰੀਕਾ ਬਦਲਣ ਤੋਂ ਬਾਅਦ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਠੱਗੀ ਕਰਨ ਵਾਲਿਆਂ ਨੇ ਇੰਡੀਆ ‘ਚ ਲੋਕਾਂ ਤੋਂ ਪੈਸੇ ਲੈਣ ਦੇ ਇਰਾਦੇ ਨਾਲ ਨੌਕਰੀ ਅਤੇ ਵੀਜ਼ਾ ਦੇ ਝੂਠੇ ਵਾਅਦੇ ਕਰਕੇ ਭਾਰਤੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਕੈਂਟ ਆਨਲਾਈਨ ਦੀ ਰਿਪੋਰਟ ਅਨੁਸਾਰ ਗ੍ਰੇਵਸੈਂਡ ‘ਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਪੰਨਿਆਂ ‘ਤੇ ਉਦੋਂ ਚਿਤਾਵਨੀ ਜਾਰੀ ਕੀਤੀ ਜਦੋਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ‘ਚ ਨੌਕਰੀ ਦੇ ਮੌਕਿਆਂ ਲਈ ਮੁਫ਼ਤ ਭੋਜਨ ਅਤੇ ਯਾਤਰਾ ਦੀਆਂ ਟਿਕਟਾਂ ਦੀ ਪੇਸ਼ਕਸ਼ ਕਰਨ ਵਾਲੇ, ‘ਯੂ.ਕੇ. ਵਿੱਚ ਤੁਰੰਤ ਲੋੜ ਹੈ’ ਦੇ ਸਿਰਲੇਖ ਵਾਲੇ ਜਾਅਲੀ ਇਸ਼ਤਿਹਾਰਾਂ ਬਾਰੇ ਸੂਚਨਾ ਮਿਲੀ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਜਗਦੇਵ ਸਿੰਘ ਵਿਰਦੀ ਨੇ ਕਿਹਾ ਕਿ ਪਿਛਲੇ ਹਫ਼ਤੇ ਗੁਰਦੁਆਰਾ ਸਾਹਿਬ ‘ਚ ਕੋਈ ਕੁੜੀ ਆਈ ਸੀ ਜੋ ਇਥੇ ਹੈ ਪਰ ਉਸ ਦੇ ਪਿਤਾ ਇੰਡੀਆ ‘ਚ ਹਨ ਅਤੇ ਉਹ ਦੇਖਣਾ ਚਾਹੁੰਦੀ ਸੀ ਕਿ ਕੀ ਉਹ ਇਥੇ ਆ ਸਕਦੇ ਹਨ।’ ਵਿਰਦੀ ਨੇ ਕੈਂਟ ਆਨਲਾਈਨ ਨੂੰ ਦੱਸਿਆ ਕਿ ਕੁੜੀ ਦੇ ਪਿਤਾ ਨੂੰ ਇਸ ਇਸ਼ਤਿਹਾਰ ਬਾਰੇ ਸਾਵਧਾਨ ਕੀਤਾ ਗਿਆ ਸੀ ਅਤੇ ਉਹ ਇਹ ਦੇਖਣ ਲਈ ਆਈ ਸੀ ਕਿ ਇਹ ਅਸਲੀ ਹੈ ਜਾਂ ਨਹੀਂ। ਇਸ ਤਰ੍ਹਾਂ ਸਾਨੂੰ ਪਹਿਲੀ ਵਾਰ ਇਸ ਬਾਰੇ ਪਤਾ ਲੱਗਾ’। ਇਸ ਤੋਂ ਬਾਅਦ ਦਰਜਨ ਦੇ ਕਰੀਬ ਲੋਕਾਂ ਨੇ ਇੰਟਰਨੈੱਟ ‘ਤੇ ਫੈਲੇ ਇਸ਼ਤਿਹਾਰ ਬਾਰੇ ਜਾਣਕਾਰੀ ਲਈ ਗੁਰਦੁਆਰਾ ਪ੍ਰਬੰਧਕਾਂ ਨਾਲ ਸੰਪਰਕ ਕਰ ਕੇ ਅਤੇ ਲੋਕਾਂ ਨੂੰ ਵਟਸਐਪ ਰਾਹੀਂ ਸੰਪਰਕ ਕਰਨ ਲਈ ਕਿਹਾ। ਖ਼ਬਰਾਂ ਮੁਤਾਬਕ ਕੁਝ ਲੋਕ ਪਹਿਲਾਂ ਹੀ ਪਾਸਪੋਰਟ ਦੀ ਜਾਣਕਾਰੀ ਅਤੇ ਨਿੱਜੀ ਵੇਰਵਿਆਂ ਦਾ ਆਦਾਨ-ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚੋਂ ਲੰਘ ਚੁੱਕੇ ਹਨ। ਵਿਰਦੀ ਨੇ ਕਿਹਾ ਕਿ ਧੋਖੇਬਾਜ਼ਾਂ ਨੇ ਗੁਰਦੁਆਰਾ ਸਾਹਿਬ ਦੇ ਸਮਾਨ ਇਕ ਵੈਬਸਾਈਟ ਡੋਮੇਨ ਅਤੇ ਈਮੇਲ ਪਤਾ ਸਥਾਪਤ ਕੀਤਾ ਹੈ। ਵਿਰਦੀ ਨੇ ਕੈਂਟ ਆਨਲਾਈਨ ਨੂੰ ਦੱਸਿਆ ਕਿ ‘ਉਹ ਫਰਜ਼ੀ ਚਿੱਠੀਆਂ ਦੇ ਰਹੇ ਹਨ ਜਿਵੇਂ ਕਿ ਇਹ ਗੁਰਦੁਆਰਾ ਸਾਹਿਬ ਤੋਂ ਨੌਕਰੀ ਦੀ ਪੇਸ਼ਕਸ਼ ਹੈ, ਫਿਰ ਉਹ ਉਨ੍ਹਾਂ ਨੂੰ ਕਹਿ ਰਹੇ ਹਨ, ‘ਤੁਹਾਡੇ ਕੋਲ ਹੁਣ ਨੌਕਰੀ ਦੀ ਪੇਸ਼ਕਸ਼ ਹੈ, ਇਸ ਲਈ ਜੇਕਰ ਤੁਸੀਂ ਇੰਨੇ ਪੈਸੇ ਦੇ ਦਿੰਦੇ ਹੋ ਤਾਂ ਅਸੀਂ ਵੀਜ਼ਾ ਅਤੇ ਯਾਤਰਾ ਦੀ ਟਿਕਟ ਦਾ ਪ੍ਰਬੰਧ ਕਰਾਂਗੇ।’ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਆਪਣੀ ਵੈੱਬਸਾਈਟ ‘ਤੇ ਪੋਸਟ ਕੀਤਾ ਹੈ ਕਿ ‘ਕਿਰਪਾ ਕਰਕੇ ਧਿਆਨ ਰੱਖੋ ਕਿ ਹੇਠਾਂ ਦਿੱਤੇ ਫਲਾਇਰ ਦੀ ਵਰਤੋਂ ਗੁਰਦੁਆਰਾ ਸਾਹਿਬ ਵਿਖੇ ਯੂ.ਕੇ. ਦਾ ਵੀਜ਼ਾ ਅਤੇ ਨੌਕਰੀ ਪ੍ਰਾਪਤ ਕਰਨ ਦੇ ਝੂਠੇ ਵਾਅਦੇ ਨਾਲ ਵਿਅਕਤੀਆਂ ਤੋਂ ਧੋਖੇ ਨਾਲ ਫੰਡ ਪ੍ਰਾਪਤ ਕਰਨ ਲਈ ਕੀਤੀ ਜਾ ਰਹੀ ਹੈ। ਕਿਰਪਾ ਕਰਕੇ ਇਸ ਵਿਅਕਤੀ ਨਾਲ ਕਿਸੇ ਵੀ ਦਸਤਾਵੇਜ਼ ਜਾਂ ਪੈਸੇ ਦਾ ਵਟਾਂਦਰਾ ਨਾ ਕਰੋ।’ ਇਸ ਨੇ ਅੱਗੇ ਕਿਹਾ ਕਿ ‘ਹਾਲਾਂਕਿ ਚਿੱਤਰ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਸੈਂਡ ਨੂੰ ਦਰਸਾਉਂਦਾ ਹੈ, ਪਰ ਇਹ ਗੁਰਦੁਆਰਾ ਗ੍ਰੇਵਸੈਂਡ ਨਾਲ ਸਬੰਧਤ ਨਹੀਂ ਹੈ।’ ਵਿਰਦੀ ਨੇ ਕਿਹਾ ਕਿ ਅਪਰਾਧ ਦੀ ਸੂਚਨਾ ਕੈਂਟ ਪੁਲੀਸ ਅਤੇ ਨੈਸ਼ਨਲ ਹੋਮ ਆਫਿਸ ਆਫ ਐਕਸ਼ਨ ਫਰਾਡ ਦੋਵਾਂ ਨੂੰ ਦਿੱਤੀ ਗਈ ਹੈ।