ਕਾਂਗਰਸ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦੇ ਹੋਏ ਅਤੇ ਉਸ ਮਗਰੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਸਮੇਂ ਰੇਤੇ ਦਾ ਵੱਡਾ ਕਾਰੋਬਾਰ ਕਰਨ ਵਾਲੇ ਠੇਕੇਦਾਰ ਰਾਕੇਸ਼ ਚੌਧਰੀ ਨੂੰ ਰੋਪੜ ਪੁਲੀਸ ਨੇ ਗ਼ੈਰਕਾਨੂੰਨੀ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਸਰਕਾਰ ਨੇ ਇਹ ਕਾਰਵਾਈ ਕਰਕੇ ਮਾਈਨਿੰਗ ਮਾਫ਼ੀਆ ਨੂੰ ਸਖ਼ਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰਾਕੇਸ਼ ਚੌਧਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਨੇ ਖਣਨ ਠੇਕੇਦਾਰ ਦੇ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ‘ਚ ਸਥਿਤ ਦਫਤਰ ਤੋਂ ਕੰਪਿਊਟਰ, ਲੈਪਟਾਪ, ਰਸੀਦਾਂ ਤੇ ਹੋਰ ਬਹੁਤ ਸਾਰੀ ਸਮੱਗਰੀ ਕਬਜ਼ੇ ਵਿੱਚ ਲਈ ਹੈ। ਮਾਈਨਿੰਗ ਵਿਭਾਗ ਨੰਗਲ ਦੇ ਐੱਸ.ਡੀ.ਓ. ਨੇ ਰੋਪੜ ਪੁਲੀਸ ਨੂੰ ਇਕ ਨਵੰਬਰ ਨੂੰ ਸ਼ਿਕਾਇਤ ਭੇਜ ਦਿੱਤੀ ਸੀ ਅਤੇ ਰੋਪੜ ਪੁਲੀਸ ਨੇ 2 ਨਵੰਬਰ ਨੂੰ ਹੀ ਥਾਣਾ ਨੰਗਲ ‘ਚ ਐੱਫ.ਆਈ.ਆਰ. ਨੰਬਰ 150 ਦਰਜ ਕਰ ਲਈ ਸੀ ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰੀ ਦੇ ਨਜ਼ਰੀਏ ਤੋਂ ਗੁਪਤ ਰੱਖਿਆ ਹੋਇਆ ਸੀ। ਪੁਲੀਸ ਨੇ ਜੰਮੂ ਨਿਵਾਸੀ ਰਾਕੇਸ਼ ਚੌਧਰੀ ‘ਤੇ ਧਾਰਾ 4 (1) ਅਤੇ ਧਾਰਾ 21 (1) ਆਫ਼ ਮਾਈਨਜ਼ ਐਂਡ ਮਿਨਰਲ ਐਕਟ 1957 ਅਤੇ ਧਾਰਾ 379 ਆਫ਼ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਹੈ। ਸੂਤਰਾਂ ਅਨੁਸਾਰ ਉਹ ਖਣਨ ਵਿਭਾਗ ਦੇ ਦਫਤਰ ਕਿਸੇ ਕੰਮ ਲਈ ਆਇਆ ਸੀ ਜਿਸ ਦੌਰਾਨ ਸੂਹ ਮਿਲਣ ‘ਤੇ ਪੁਲੀਸ ਵੱਲੋਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਬਾਗ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਗਿਆ। ਐੱਫ.ਆਈ.ਆਰ. ਅਨੁਸਾਰ ਮਾਈਨਿੰਗ ਵਿਭਾਗ ਵੱਲੋਂ ਰੋਪੜ ਜ਼ਿਲ੍ਹੇ ਦੀ ਸੈਸੋਂਵਾਲ ਸਾਈਟ ਡੀਸਿਲਟਿੰਗ ਲਈ ਠੇਕੇਦਾਰ ਰਾਕੇਸ਼ ਚੌਧਰੀ ਨੂੰ ਅਲਾਟ ਕੀਤੀ ਗਈ ਸੀ। ਹੁਣ ਮਹਿਕਮੇ ਨੇ ਪੜਤਾਲ ‘ਚ ਪਾਇਆ ਕਿ ਠੇਕੇਦਾਰ ਚੌਧਰੀ ਨੇ ਇਸ ਸਾਈਟ ਤੋਂ 2, 34, 768 ਮੀਟਰਿਕ ਟਨ (ਐਮਟੀ) ਦੀ ਮਾਈਨਿੰਗ ਗ਼ੈਰਕਾਨੂੰਨੀ ਤੌਰ ‘ਤੇ ਕੀਤੀ ਹੈ। ਰੋਪੜ ਜ਼ਿਲ੍ਹੇ ਦੇ ਐੱਸ.ਐੱਸ.ਪੀ. ਸੰਦੀਪ ਗਰਗ ਨੇ ਕਿਹਾ ਕਿ ਖਣਨ ਮਹਿਕਮੇ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਸੀ ਕਿ ਰਾਕੇਸ਼ ਚੌਧਰੀ ਨੇ ਨੰਗਲ ਇਲਾਕੇ ‘ਚ ਵੱਡੀ ਪੱਧਰ ‘ਤੇ ਗ਼ੈਰਕਾਨੂੰਨੀ ਮਾਈਨਿੰਗ ਕੀਤੀ ਹੈ। ਦੱਸਣਯੋਗ ਹੈ ਕਿ ਮਾਈਨਿੰਗ ਵਿਭਾਗ ਵੱਲੋਂ ਰਾਕੇਸ਼ ਚੌਧਰੀ ਨੂੰ 31 ਜੁਲਾਈ 2019 ਨੂੰ ਰੋਪੜ ਜ਼ਿਲ੍ਹੇ ਵਾਲਾ ਬਲਾਕ 1 ਅਲਾਟ ਕੀਤਾ ਗਿਆ ਸੀ ਅਤੇ ਉਸ ਨੂੰ ਸਾਲਾਨਾ 57.6 ਲੱਖ ਮੀਟਰਿਕ ਟਨ ਰੇਤਾ ਕੱਢਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਠੇਕੇਦਾਰ ਚੌਧਰੀ ਨੇ ਮਹਿਕਮੇ ਨੂੰ ਪਹਿਲੇ ਵਰ੍ਹੇ 49.84 ਕਰੋੜ ਦੇਣੇ ਸਨ ਪਰ ਇਸ ਬਦਲੇ 35.54 ਕਰੋੜ ਰੁਪਏ ਹੀ ਜਮ੍ਹਾਂ ਕਰਵਾਏ। ਦੂਜੇ ਸਾਲ ਠੇਕੇਦਾਰ ਚੌਧਰੀ ਨੇ 39.47 ਕਰੋੜ ਦੀ ਥਾਂ 33.35 ਕਰੋੜ ਰੁਪਏ ਦਿੱਤੇ ਜਦਕਿ ਤੀਜੇ ਵਰ੍ਹੇ ਹੁਣ ਤੱਕ 3.85 ਕਰੋੜ ਰੁਪਏ ਹੀ ਜਮ੍ਹਾਂ ਕਰਾਏ ਹਨ ਜੋ ਕਿ 11.55 ਕਰੋੜ ਬਣਦੇ ਸਨ। ਜਾਣਕਾਰੀ ਅਨੁਸਾਰ 28 ਮਈ ਨੂੰ ਚੌਧਰੀ ਖ਼ਿਲਾਫ਼ ਭਰਤਗੜ੍ਹ ਪੁਲੀਸ ਚੌਕੀ ਅਧੀਨ ਪੈਂਦੇ ਪਿੰਡ ਆਸਪੁਰ ਕੋਟਬਾਲਾ ਡੀਸਿਲਟਿੰਗ ਸਾਈਟ ‘ਤੇ ਨੁਕਸਦਾਰ ਕੰਡਾ ਲਗਾ ਕੇ ਖਣਨ ਸਮੱਗਰੀ ਦੇ ਭਰੇ ਟਿੱਪਰਾਂ ਦਾ ਸਹੀ ਵਜ਼ਨ ਨਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਪੁਲੀਸ ਚੌਕੀ ਕਲਵਾਂ ‘ਚ ਵੀ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਪਰ ਇਸ ਕੇਸ ‘ਚ ਵਧੀਕ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ 30 ਨਵੰਬਰ ਤੱਕ ਚੌਧਰੀ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਰਾਕੇਸ਼ ਚੌਧਰੀ ਨੂੰ ਜੁਲਾਈ 2019 ‘ਚ ਰੂਪਨਗਰ ਜ਼ਿਲ੍ਹੇ ਦੇ ਬਲਾਕ ਨੰਬਰ 1 ਤੋਂ ਇਲਾਵਾ ਮੁਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਬਲਾਕ ਨੰਬਰ 7 ‘ਚ ਮਾਈਨਿੰਗ ਲੀਜ਼ ਦੇ ਅਧਿਕਾਰ ਦਿੱਤੇ ਗਏ ਸਨ ਜਿਨ੍ਹਾਂ ਦੀ ਮਿਆਦ ਕ੍ਰਮਵਾਰ 18 ਮਾਰਚ ਤੇ 31 ਜਨਵਰੀ ਨੂੰ ਸਮਾਪਤ ਹੋਣੀ ਸੀ।