ਬ੍ਰਿਟੇਨ ‘ਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਖ਼ਿਲਾਫ਼ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਬ੍ਰਿਟੇਨ ਨੇ ਪਾਕਿਸਤਾਨ ਨਾਲ ਨਵਾਂ ਸਮਝੌਤਾ ਕੀਤਾ ਹੈ ਜਿਸ ਨੂੰ ਇਤਿਹਾਸਕ ਕਰਾਰ ਦਿੱਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਉਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਹਟਾਉਣਾ ਹੈ, ਜਿਨ੍ਹਾਂ ਨੂੰ ਯੂ.ਕੇ. ਵਿੱਚ ਰਹਿਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ। ਵਾਪਸੀ ਸਮਝੌਤੇ ‘ਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਯੂਸਫ ਨਸੀਮ ਖੋਖਰ ਅਤੇ ਬ੍ਰਿਟੇਨ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਮੋਅਜ਼ਮ ਅਹਿਮਦ ਖਾਨ ਨੇ ਲੰਡਨ ‘ਚ ਦਸਤਖ਼ਤ ਕੀਤੇ। ਪਟੇਲ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡੇ ਪਾਕਿਸਤਾਨੀ ਦੋਸਤਾਂ ਨਾਲ ਵਿਦੇਸ਼ੀ ਅਪਰਾਧੀਆਂ ਅਤੇ ਇਮੀਗ੍ਰੇਸ਼ਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਯੂ.ਕੇ. ਤੋਂ ਪਾਕਿਸਤਾਨ ਭੇਜਣ ਲਈ ਇਕ ਇਤਿਹਾਸਕ ਨਵੇਂ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਬ੍ਰਿਟੇਨ ਦੇ ਗ੍ਰਹਿ ਦਫਤਰ ਦੇ ਅੰਕੜਿਆਂ ਅਨੁਸਾਰ ਪਾਕਿਸਤਾਨੀ ਨਾਗਰਿਕ ਇੰਗਲੈਂਡ ਅਤੇ ਵੇਲਜ਼ ਦੀਆਂ ਜੇਲ੍ਹਾਂ ‘ਚ ਸੱਤਵੇਂ ਸਭ ਤੋਂ ਵੱਧ ਵਿਦੇਸ਼ੀ ਅਪਰਾਧੀ ਹਨ। ਇਹ ਡੀਲ ਪਿਛਲੀ ਇਮਰਾਨ ਖਾਨ ਸਰਕਾਰ ‘ਚ ਹੀ ਤੈਅ ਹੋ ਗਈ ਸੀ ਪਰ ਉਸ ਤੋਂ ਬਾਅਦ ਪਾਕਿਸਤਾਨ ‘ਚ ਸੱਤਾ ਬਦਲ ਗਈ ਅਤੇ ਹੁਣ ਸ਼ਹਿਬਾਜ਼ ਸ਼ਰੀਫ਼ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਦਿ ਐਕਸਪ੍ਰੈਸ ਟ੍ਰਿਬਿਊਨ ਨੇ ਦੱਸਿਆ ਕਿ ਇਹ ਹਵਾਲਗੀ ਸੰਧੀ ਨਹੀਂ ਹੈ ਅਤੇ ਇਸ ਸੌਦੇ ਦਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਜ਼ਿਆਦਾ ਅਸਰ ਨਹੀਂ ਪਵੇਗਾ, ਜੋ ਇਲਾਜ ਦੇ ਬਹਾਨੇ ਲੰਡਨ ‘ਚ ਰਹਿ ਰਹੇ ਹਨ। ਬ੍ਰਿਟੇਨ ਦੇ ਗ੍ਰਹਿ ਦਫਤਰ ਨੇ ਕਿਹਾ ਕਿ ਨਵੇਂ ਸੌਦੇ ਦਾ ਉਦੇਸ਼ ਪਾਕਿਸਤਾਨੀ ਨਾਗਰਿਕਾਂ ਨੂੰ ਹਟਾਉਣਾ ਹੈ ਜਿਨ੍ਹਾਂ ਨੂੰ ਬ੍ਰਿਟੇਨ ‘ਚ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਇਹ ਪੰਜਵੀਂ ਰਿਟਰਨ ਡੀਲ ਹੈ ਜਿਸ ‘ਤੇ ਗ੍ਰਹਿ ਮੰਤਰੀ ਨੇ 15 ਮਹੀਨਿਆਂ ‘ਚ ਦਸਤਖ਼ਤ ਕੀਤੇ ਹਨ। ਪ੍ਰੀਤੀ ਪਟੇਲ ਨੇ ਕਿਹਾ ਕਿ ਉਹ ਖਤਰਨਾਕ ਵਿਦੇਸ਼ੀ ਅਪਰਾਧੀਆਂ ਅਤੇ ਇਮੀਗ੍ਰੇਸ਼ਨ ਅਪਰਾਧੀਆਂ ਨੂੰ ਹਟਾਉਣ ਲਈ ਮੁਆਫੀ ਨਹੀਂ ਮੰਗੇਗੀ, ਜਿਨ੍ਹਾਂ ਨੂੰ ਯੂ.ਕੇ. ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਬ੍ਰਿਟੇਨ ਅਤੇ ਪਾਕਿਸਤਾਨ ਨੇ ਗੈਰਕਾਨੂੰਨੀ ਪਰਵਾਸ ਅਤੇ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਖਤਰਿਆਂ ਦੇ ਮੁੱਦੇ ਨਾਲ ਨਜਿੱਠਣ ਲਈ ਇਸ ਸਮਝੌਤੇ ”ਤੇ ਦਸਤਖ਼ਤ ਕੀਤੇ ਹਨ। ਸਮਝੌਤੇ ‘ਚ ਯੂ.ਕੇ.-ਪਾਕਿਸਤਾਨ ਕਾਨੂੰਨ ਲਾਗੂ ਕਰਨ ਵਾਲੇ ਸਹਿਯੋਗ ਨੂੰ ਸੁਧਾਰਨ ਅਤੇ ਵਧਾਉਣ ਲਈ ਚੱਲ ਰਹੇ ਕੰਮ ਵੀ ਸ਼ਾਮਲ ਹਨ।