ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ 1.49 ਲੱਖ ਤੋਂ ਵਧੇਰੇ ਇੰਡੀਅਨ ਫੜੇ ਗਏ ਹਨ। ਰਿਪੋਰਟ ‘ਚ ਕਿਹਾ ਗਿਆ ਕਿ ਫਰਵਰੀ 2019 ਤੋਂ ਮਾਰਚ 2023 ਦਰਮਿਆਨ 1,49,000 ਭਾਰਤੀਆਂ ਨੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਅਜਿਹੇ ਭਾਰਤੀ ਇਹ ਵੀ ਜਾਣਦੇ ਹਨ ਕਿ ਅਮਰੀਕਨ ਸਰਹੱਦ ਪਾਰ ਕਰਨਾ ਇਕ ਖ਼ਤਰੇ ਭਰਿਆ ਕੰਮ ਹੈ, ਪਰ ਉਹ ਖ਼ੁਦ ਨੂੰ ਇਸ ਖਤਰੇ ‘ਚ ਪਾਉਂਦੇ ਹਨ। ਇਹ ਦਰਸਾਉਂਦਾ ਹੈ ਕਿ ‘ਅਮਰੀਕਨ ਡਰੀਮ’ ਬਹੁਤ ਸਾਰੇ ਭਾਰਤੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਰਿਪੋਰਟ ‘ਚ ਕਿਹਾ ਗਿਆ ਕਿ ਜਨਵਰੀ 2022 ‘ਚ 5459 ਭਾਰਤੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੁੰਦੇ ਫੜੇ ਗਏ ਸਨ। ਘੱਟੋ-ਘੱਟ 708 ਨੂੰ ਅਮਰੀਕਾ-ਕੈਨੇਡਾ ਸਰਹੱਦ ‘ਤੇ ਫੜਿਆ ਗਿਆ। ਜਨਵਰੀ 2023 ‘ਚ ਇਹ ਸੰਖਿਆ 35.9 ਫ਼ੀਸਦ ਵਧ ਕੇ 7421 ਹੋ ਗਈ। ਅਧਿਕਾਰੀਆਂ ਨੇ ਅਮਰੀਕਾ-ਕੈਨੇਡਾ ਸਰਹੱਦ ‘ਤੇ 2,478 ਨੂੰ ਹਿਰਾਸਤ ‘ਚ ਲਿਆ। ਰਿਪੋਰਟ ਦੱਸਦੀ ਹੈ ਕਿ ਉੱਤਰ ‘ਚ ਕੈਨੇਡਾ ਜਾਂ ਦੱਖਣ ‘ਚ ਮੈਕਸੀਕੋ ਤੋਂ ਸਰਹੱਦ ਪਾਰ ਕਰਨ ਦੀਆਂ 2,663 ਕੋਸ਼ਿਸ਼ਾਂ ਦੌਰਾਨ ਭਾਰਤੀਆਂ ਨੂੰ ਹਿਰਾਸਤ ‘ਚ ਲਿਆ ਗਿਆ। ਰਿਪੋਰਟ ‘ਚ ਗੁਜਰਾਤ ਪੁਲੀਸ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਹਿਰਾਸਤ ‘ਚ ਲਏ ਗਏ ਜ਼ਿਆਦਾਤਰ ਲੋਕ ਗੁਜਰਾਤ ਅਤੇ ਪੰਜਾਬ ਦੇ ਹਨ। ਅਮਰੀਕਾ ਅਤੇ ਕੈਨੇਡਾ ‘ਚ ਵੀ ਅਜਿਹੀਆਂ ਘਟਨਾਵਾਂ ਹਨ ਜਿੱਥੇ ਨਾਬਾਲਗਾਂ ਸਮੇਤ ਕਈ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ-ਅਮਰੀਕਾ ਸਰਹੱਦ ‘ਤੇ ਗੁਜਰਾਤ ਦੇ ਡਿੰਗੁਚਾ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਉਸਦੀ ਮੌਤ ਦਾ ਕਾਰਨ -35 ਡਿਗਰੀ ਸੈਲਸੀਅਸ ਤਾਪਮਾਨ ਸੀ। ਇਸ ਸਾਲ ਇਕ ਹੋਰ ਦੁਖਦਾਈ ਘਟਨਾ ਸਾਹਮਣੇ ਆਈ ਜਿਸ ‘ਚ ਗੁਜਰਾਤ ਦੇ ਮੇਹਸਾਣਾ ਤੋਂ ਇਕ ਪਰਿਵਾਰ ਦੇ ਚਾਰ ਮੈਂਬਰ ਮਾਰਚ ‘ਚ ਸੇਂਟ ਲਾਰੈਂਸ ਨਦੀ ਵਿਚ ਕਿਸ਼ਤੀ ਦੇ ਪਲਟ ਜਾਣ ਕਾਰਨ ਡੁੱਬ ਗਏ। ਦਸੰਬਰ 2022 ‘ਚ ਗੁਜਰਾਤ ਦੇ ਇਕ ਹੋਰ ਵਿਅਕਤੀ ਦੀ ਡਿੱਗਣ ਨਾਲ ਮੌਤ ਹੋ ਗਈ ਸੀ। ਮ੍ਰਿਤਕ ਆਪਣੀ ਪਤਨੀ ਅਤੇ ਤਿੰਨ ਪੁੱਤਰਾਂ ਨਾਲ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਨ੍ਹਾਂ ਘਟਨਾਵਾਂ ਦੇ ਬਾਵਜੂਦ ਅਮਰੀਕਾ ‘ਚ ਭਾਰਤੀਆਂ ਦਾ ਗੈਰਕਾਨੂੰਨੀ ਪ੍ਰਵੇਸ਼ ਜਾਰੀ ਹੈ।