ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੀ ‘ਗੰਨ ਕਲਚਰ’ ਖ਼ਿਲਾਫ਼ ਸਖ਼ਤ ਜਾਰੀ ਹੈ। ਪਹਿਲਾਂ ਹੀ ਇਸ ਸਬੰਧ ‘ਚ ਕੁਝ ਮਾਮਲੇ ਦਰਜ ਕਰਨ ਤੋਂ ਬਾਅਦ ਹੁਣ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ‘ਚ ਪੰਜਾਬੀ ਗਾਇਕ ਸੁਖਮਨ ਹੀਰ, ਗਾਇਕ ਜੈਸਮੀਨ ਅਖ਼ਤਰ ਸਣੇ 7 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਯਾਦ ਰਹੇ ਕਿ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਮੁੱਖ ਮੰਤਰੀ ਦੀਆਂ ਹਦਾਇਤਾਂ ਮਗਰੋਂ ਸੋਸ਼ਲ ਮੀਡੀਆ ਤੋਂ ਹਥਿਆਰਾਂ ਨਾਲ ਖਿਚਾਈਆਂ ਪੋਸਟਾਂ, ਵੀਡੀਓ ਆਦਿ ਸਭ ਕੁਝ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਸੀ। ਇਸ ‘ਤੇ ਹਜ਼ਾਰਾਂ ਲੋਕਾਂ ਨੇ ਅਜਿਹੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤਾ ਹੈ। ਪਰ ਹਾਲੇ ਵੀ ਕੁਝ ਪੋਸਟਾਂ ਪਈਆਂ ਹੋਣ ਜਿਸ ਦੀ ਸ਼ਿਕਾਇਤ ਹੋਣ ਜਾਂ ਕੋਈ ਪੋਸਟ ਸਾਹਮਣੇ ਆਉਣ ‘ਤੇ ਪੁਲੀਸ ਐੱਫ.ਆਈ.ਆਰ. ਦਰਜ ਕਰ ਰਹੀ ਹੈ। ਇੰਨਾ ਹੀ ਨਹੀਂ ਕਈ ਗਾਇਕ ਹਾਲੇ ਵੀ ਗੰਨ ਕਲਚਰ ਪ੍ਰਮੋਟ ਕਰਨ ਵਾਲੇ ਗਾਣੇ ਵੀਡੀਓ ਬਣਾ ਕੇ ਜਾਰੀ ਕਰ ਰਹੇ ਹਨ ਜਿਨ੍ਹਾਂ ਖ਼ਿਲਾਫ਼ ਪੁਲੀਸ ਸਖ਼ਤੀ ਦਿਖਾ ਰਹੀ ਹੈ। ਡੀ.ਐੱਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਖੇੜੀ ਨੌਧ ਸਿੰਘ ਪੁਲੀਸ ਵੱਲੋਂ ਗਾਇਕ ਸੁਖਮਨ ਹੀਰ ਤੇ ਜੈਸਮੀਨ ਅਖ਼ਤਰ ਸਮੇਤ 7 ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਯੂ-ਟਿਊਬ ਅਤੇ ਇਕ ਮਿਊਜ਼ਿਕ ਚੈਨਲ ‘ਤੇ ਗਾਇਕ ਸੁਖਮਨ ਹੀਰ, ਜੈਸਮੀਨ ਅਖ਼ਤਰ ਸਣੇ 7 ਨਾਮਾਲੂਮ ਵਿਅਕਤੀਆਂ ਵੱਲੋਂ ਗੀਤ ‘ਚ ਅਸਲਾ/ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਜਿਸ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਸੂਬੇ ‘ਚ ਗੰਨ ਕਲਚਰ ਨੂੰ ਲੈ ਕੇ ਬਹੁਤ ਸਖ਼ਤ ਹੋ ਗਈ ਹੈ। ਇਸੇ ਦੇ ਚੱਲਦਿਆਂ ਹੀ ਸੋਸ਼ਲ ਮੀਡੀਆ ‘ਤੇ ਫੋਟੋਆਂ ਜਾਂ ਵੀਡੀਓ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।