ਪੰਜਾਬ ਸਰਕਰ ਗੰਨ ਕਲਚਰ ਨੂੰ ਲੈ ਕੇ ਗੰਭੀਰ ਦਿਖਾਈ ਦੇ ਰਹੀ ਹੈ ਅਤੇ 72 ਘੰਟੇ ‘ਚ ਸੋਸ਼ਲ ਮੀਡੀਆ ਤੋਂ ਅਜਿਹੀਆਂ ਤਸਵੀਰਾਂ, ਪੋਸਟਾਂ ਅਤੇ ਵੀਡੀਓ ਹਟਾਉਣ ਦੇ ਅਲਟੀਮੇਟਮ ਤੋਂ ਬਾਅਦ ਮੁੜ ਪਰਚੇ ਦਰਜ ਕਰਕੇ ਸ਼ੁਰੂ ਕਰ ਦਿੱਤੇ ਹਨ। ਹੁਣ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਥਾਣੇ ‘ਚ ਪੰਜਾਬੀ ਗਾਇਕ ਕੁਲਜੀਤ ਰਾਜੇਆਣਾ ਖ਼ਿਲਾਫ਼ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਕੁਲਜੀਤ ਦੇ ਪ੍ਰਮੋਟਰਾਂ ਨੇ ਯੂ-ਟਿਊਬ ਉੱਤੇ ‘ਮਹਾਕਾਲ’ ਨਾਮ ਦਾ ਗੀਤ ਅੱਪਲੋਡ ਕੀਤਾ ਸੀ ਜਿਸ ਦੇ ਬੋਲ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ। ਇਸ ਦੌਰਾਨ ਗੀਤ ਨੂੰ ਯੂ-ਟਿਊਬ ‘ਤੇ ਅੱਪਲੋਡ ਕਰਨ ਦੇ 19 ਘੰਟਿਆਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਆਈ.ਪੀ.ਸੀ. ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗਾਇਕ ਕੁਲਜੀਤ ਰਾਜੇਆਣਾ ਪੰਜਾਬ ਪੁਲੀਸ ‘ਚ ਹੈੱਡ ਕਾਂਸਟੇਬਲ ਹੈ। ਗਾਇਕ ਨੇ ਦਾਅਵਾ ਕੀਤਾ ਕਿ ਉਸ ਦੇ ਪ੍ਰਮੋਟਰਾਂ ਨੂੰ ਮਨਾਹੀ ਦੇ ਹੁਕਮਾਂ ਬਾਰੇ ਪਤਾ ਨਹੀਂ ਸੀ ਅਤੇ ਹੁਣ ਉਨ੍ਹਾਂ ਨੇ ਯੂ-ਟਿਊਬ ਤੋਂ ਗੀਤ ਨੂੰ ਹਟਾ ਦਿੱਤਾ ਹੈ। ਪਰ ਦੂਜੇ ਪਾਸੇ ਗਾਇਕਾ ਤੋਂ ਮੰਤਰੀ ਬਣਨੀ ਅਨਮੋਲ ਗਗਨ ਮਾਨ ਦੀਆਂ ਹਥਿਆਰਾਂ ਨੂੰ ਲੈ ਕੇ ਪੁਰਾਣੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ ਅਤੇ ਹਾਲੇ ਤੱਕ ਹਟਾਈਆਂ ਨਹੀਂ, ਜਿਸ ਨੂੰ ਲੈ ਕੇ ਵਿਰੋਧੀ ਤੇ ਆਮ ਲੋਕ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਇਕੋ ਰੱਸੇ ਬੰਨ੍ਹਿਆ ਜਾਵੇ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਕੰਮ ਕਰੇ।