ਜਲੰਧਰ ਦੇ ਲਤੀਫਪੁਰਾ ‘ਚ ਢਾਹੇ ਗਏ ਘਰਾਂ ਨੂੰ ਲੈ ਕੇ ਬਣੇ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਨਾਲ ਪੁਲੀਸ ਨੇ ਅੱਜ ਧੱਕਾਮੁੱਕੀ ਕੀਤੀ। ਇਹ ਲੋਕ ਗਣਤੰਤਰ ਦਿਵਸ ਮੌਕੇ ਰੋਸ ਵਜੋਂ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ ਕਰਰਹੇ ਸਨ। ਲਤੀਫਪੁਰਾ ਦੇ ਪੀੜਤਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਪੁਲੀਸ ਨੇ ਸਖਤ ਨਾਕਾਬੰਦੀ ਕੀਤੀ ਹੋਈ ਸੀ। ਇਹ ਲੋਕ ਕਾਲੇ ਝੰਡੇ ਫੜ ਕੇ ਜਿਵੇਂ ਹੀ ਚੱਲਣਗੇ ਤਾਂ ਪੁਲੀਸ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ‘ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਮੋਰਚੇ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਤਰਸੇਮ ਸਿੰਘ ਵਿੱਕੀ ਜੈਨਪੁਰ ਨੇ ਦੱਸਿਆ ਕਿ ਇਸ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਕਿ ਗਣਤੰਤਰ ਦਿਵਸ ਮੌਕੇ ਗਵਰਨਰ ਪੰਜਾਬ ਦੀ ਆਮਦ ‘ਤੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। ਮੋਰਚੇ ਦੇ ਆਗੂਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਤੋਖ ਸਿੰਘ ਸੰਧੂ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਤਰਸੇਮ ਸਿੰਘ ਵਿੱਕੀ ਜੈਨਪੁਰ, ਬਲਜਿੰਦਰ ਕੌਰ, ਹਰਜਿੰਦਰ ਕੌਰ ਨੇ ਕਿਹਾ ਕਿ ਲਤੀਫਪੁਰਾ ਦਾ ਮਸਲਾ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਗਲੇ ਦੀ ਹੱਡੀ ਬਣੇਗਾ ਅਤੇ ਸਰਕਾਰ ਨੂੰ ਇਸ ਦੀ ਸਿਆਸੀ ਕੀਮਤ ਅਦਾ ਕਰਨੀ ਪਵੇਗੀ। ਲਤੀਫਪੁਰਾ ਇਲਾਕੇ ਦੇ ਲੋਕਾਂ ਨੂੰ ਉਜਾੜੇ ਵਾਲੀ ਜਗ੍ਹਾ ਉੱਪਰ ਹੀ ਵਸਾਉਣ ਅਤੇ ਪੀੜਤਾਂ ਦੇ ਹੋਏ ਨੁਕਸਾਨ ਦਾ ਬਣਦਾ ਉਚਿਤ ਮੁਆਵਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਉਸ ਵਕਤ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ 10 ਲੱਖ ਲੋਕ ਮਾਰੇ ਗਏ ਸਨ, ਲੱਖਾਂ ਔਰਤਾਂ ਦੀ ਇੱਜ਼ਤ ਲੁੱਟੀ ਗਈ। ਉਸ ਸਮੇਂ ਲੋਕਾਂ ਕੋਲ ਆਪਣੀ ਜਾਨ ਆਪਣੀ ਇੱਜ਼ਤ ਤੇ ਸਿਰ ‘ਤੇ ਛੱਤ ਤੇ ਰੋਟੀ ਦੀ ਜ਼ਰੂਰਤ ਸੀ। ਉਸ ਸਮੇਂ ਲੋਕਾਂ ਕੋਲ ਆਪਣੇ ਉਜਾੜੇ ਦੇ ਸਬੂਤ ਸਾਂਭਣ ਦਾ ਸੁੱਝ ਹੀ ਨਹੀਂ ਸਕਦਾ ਸੀ। ਤਰਸੇਮ ਸਿੰਘ ਵਿੱਕੀ ਜੈਨਪੁਰੀਆਂ ਨੇ ਕਿਹਾ ਕਿ ਜੇ ਗਣਤੰਤਰ ਮੌਕੇ ‘ਤੇ ਵੀ ਪੀੜਤ ਲੋਕ ਆਪਣੀ ਗੱਲ ਪੰਜਾਬ ਦੇ ਰਾਜਪਾਲ ਤੱਕ ਪਹੁੰਚਾਉਣ ਤੋਂ ਅਸਮਰੱਥ ਹਨ ਤਾਂ ਇਸ ਨੂੰ ਅਜ਼ਾਦੀ ਨਹੀਂ ਕਿਹਾ ਜਾ ਸਕਦਾ। ਪੁਲੀਸ ਵੱਲੋਂ ਕੀਤੀ ਗਈ ਧੱਕਾਮੁੱਕੀ ‘ਚ ਕਈਆਂ ਦੀਆਂ ਪੱਗਾਂ ਲਹਿ ਗਈਆਂ ਤੇ ਕਈ ਪ੍ਰਦਰਸ਼ਨਕਾਰੀਆਂ ਦੇ ਸੱਟਾਂ ਵੀ ਲੱਗੀਆਂ।