ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰੋਡਰੇਜ ਮਾਮਲੇ ‘ਚ ਜੇਲ੍ਹ ਗਏ ਨਵਜੋਤ ਸਿੰਘ ਸਿੱਧੂ ਨੂੰ ਗਣਤੰਤਰ ਦਿਵਸ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਸੂਬੇ ਦੇ ਜੇਲ੍ਹ ਮਹਿਕਮੇ ਵੱਲੋਂ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ‘ਤੇ ਰਿਹਾਅ ਕੀਤੇ ਜਾਣ ਵਾਲੇ 50 ਤੋਂ ਵੱਧ ਕੈਦੀਆਂ ‘ਚ ਸਿੱਧੂ ਦਾ ਨਾਂ ਸ਼ਾਮਲ ਹੈ। ਜੇਲ੍ਹ ਵਿਭਾਗ ਨੇ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਸਮੀਖਿਆ ਲਈ ਵਿਭਾਗ ਦੀ ਪ੍ਰਮੁੱਖ ਸਕੱਤਰ ਅਵਨੀਤ ਕੌਰ ਨੂੰ ਭੇਜੀ ਹੈ, ਜਿੱਥੋਂ ਇਸ ਨੂੰ ਮੁੱਖ ਮੰਤਰੀ ਅਤੇ ਫਿਰ ਸੂਬੇ ਦੇ ਰਾਜਪਾਲ ਕੋਲ ਅੰਤਿਮ ਪ੍ਰਵਾਨਗੀ ਲਈ ਭੇਜਿਆ ਜਾਣਾ ਹੈ। ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਸਰਕਾਰ ਦੀ ਨੀਤੀ ਅਨੁਸਾਰ ਹੀ ਸਿੱਧੂ ਦਾ ਨਾਂ ਗਣਤੰਤਰ ਦਿਵਸ ‘ਤੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਪ੍ਰਸਤਾਵਿਤ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ ਅਤੇ ਜੇਲ੍ਹ ਮਹਿਕਮੇ ਵੱਲੋਂ ਸਿੱਧੂ ਦੇ ਚੰਗੇ ਵਿਵਹਾਰ ਦੀ ਰਿਪੋਰਟ ਵੀ ਦਿੱਤੀ ਗਈ ਹੈ। ਜੇਲ੍ਹ ਮਹਿਕਮੇ ਦੇ ਅਧਿਕਾਰਤ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਕੇਂਦਰ ਸਰਕਾਰ ਦੀ ‘ਆਜ਼ਾਦੀ ਦਾ ਤਿਉਹਾਰ’ ਵਾਲੀ ਵਿਸ਼ੇਸ਼ ਗਾਈਡਲਾਈਨ ਮੁਤਾਬਕ ਆਉਂਦੇ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਸਿੱਧੂ ਦਾ ਮਾਮਲਾ ਵਿਸ਼ੇਸ਼ ਤੌਰ ‘ਤੇ ਨਹੀਂ ਲਿਆ ਗਿਆ ਪਰ ਕੇਂਦਰ ਸਰਕਾਰ ਦੀ ਗਾਈਡਲਾਈਨ ਮੁਤਾਬਕ ਬਣੀ ਸੂਚੀ ‘ਚ 50 ਤੋਂ ਵੱਧ ਨਾਂ ਹੈ, ਜਿਸ ‘ਚ ਨਵਜੋਤ ਸਿੱਧੂ ਵੀ ਆਉਂਦੇ ਹਨ। ਸਿੱਧੂ ਮਈ ਮਹੀਨੇ ਤੋਂ ਜੇਲ੍ਹ ‘ਚ ਹਨ ਅਤੇ ਕਲਰਕ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਕੋਈ ਛੁੱਟੀ ਵੀ ਨਹੀਂ ਲਈ ਹੈ ਅਤੇ ਜੇਲ੍ਹ ‘ਚ ਉਨ੍ਹਾਂ ਦਾ ਵਿਵਹਾਰ ਚੰਗਾ ਰਿਹਾ ਹੈ। ਸਿੱਧੂ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਚੰਗੇ ਸਬੰਧ ਰਹੇ ਹਨ। ਹਾਲਾਂਕਿ ਪਿਛਲੇ ਸਮੇਂ ਦੀ ਨੀਤੀ ਅਨੁਸਾਰ ਨਵਜੋਤ ਸਿੱਧੂ ਦਾ ਆਉਣ ਵਾਲੀ 26 ਜਨਵਰੀ ਨੂੰ ਰਿਹਾਈ ਹੋਣਾ ਅਸੰਭਵ ਸੀ। ਇਸ ਤੋਂ ਪਹਿਲਾਂ ਵਾਲੇ ਨਿਯਮਾਂ ਮੁਤਾਬਕ ਤਿੰਨ ਸਾਲ ਤੱਕ ਦੀ ਸਜ਼ਾ ਵਾਲੇ ਕੈਦੀ ਨੂੰ ਸਜ਼ਾ ਪੂਰੀ ਹੋਣ ਤੋਂ ਸਿਰਫ਼ ਇਕ ਮਹੀਨਾ ਪਹਿਲਾਂ ਹੀ ਰਿਹਾਅ ਕੀਤਾ ਜਾ ਸਕਦਾ ਸੀ ਪਰ ਕੇਂਦਰੀ ਗ੍ਰਹਿ ਮੰਤਰਾਲਾ ਨੇ ਆਜ਼ਾਦੀ ਦੇ ਤਿਉਹਾਰ ਦੇ ਮੌਕੇ ‘ਤੇ ਕੈਦੀਆਂ ਨੂੰ ਗਣਤੰਤਰ ਦਿਵਸ 26 ਜਨਵਰੀ 2023 ਅਤੇ ਆਜ਼ਾਦੀ ਦਿਵਸ 15 ਅਗਸਤ 2023 ਨੂੰ ਕੈਦੀਆਂ ਨੂੰ ਰਿਹਾਅ ਕਰਨ ਲਈ ਵਿਸ਼ੇਸ਼ ਗਾਈਡਲਾਈਨ 10 ਜੂਨ 2022 ਨੂੰ ਜ਼ਰੂਰੀ ਪੱਤਰ ਵਜੋਂ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਗਈ ਸੀ, ਜਿਸ ‘ਚ ਕਿਹਾ ਗਿਆ ਹੈ ਕਿ ਜੇਕਰ ਕੈਦੀ ਦਾ ਆਚਰਣ ਚੰਗਾ ਰਿਹਾ ਹੋਵੇ ਅਤੇ ਉਸ ਨੂੰ ਸਜ਼ਾ ਦੌਰਾਨ ਕਿਸੇ ਹੋਰ ਕੇਸ ‘ਚ ਸਜ਼ਾ ਨਹੀਂ ਹੋਈ ਹੋਵੇ ਤਾਂ ਸੂਬਾ ਸਰਕਾਰ ਅਜਿਹੇ ਕੈਦੀਆਂ ਨੂੰ ਰਿਹਾਅ ਕਰ ਸਕਦੀ ਹੈ। ਇਸ ਤੋਂ ਇਲਾਵਾ ਔਰਤਾਂ ਅਤੇ ਟ੍ਰਾਂਸਜੈਂਡਰਾਂ, ਜਿਸ ਨੇ 50 ਸਾਲ ਦੀ ਉਮਰ ਪੂਰੀ ਕਰ ਲਈ ਹੋਵੇ ਉਸ ਨੂੰ ਵੀ ਰਿਹਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਸ ਕੈਦੀ ਦੀ ਉਮਰ 60 ਸਾਲ ਹੋ ਚੁੱਕੀ ਹੋਵੇ ਅਤੇ ਉਸ ਨੇ ਆਪਣੀ 50 ਫ਼ੀਸਦੀ ਸਜ਼ਾ ਪੂਰੀ ਕਰ ਲਈ ਹੋਵੇ, ਉਸ ਨੂੰ ਵੀ ਰਿਹਾਅ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਪਟਿਆਲਾ ਜੇਲ੍ਹ ‘ਚ ਸਜ਼ਾ ਕੱਟ ਰਹੇ ਹਨ ਪਰ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਕਈ ਆਗੂਆਂ ‘ਚ ਬੇਚੈਨੀ ਵੇਖੀ ਜਾ ਰਹੀ ਹੈ। ਅਜਿਹੀ ਵੀ ਚਰਚਾ ਸੀ ਕਿ ਗਾਂਧੀ ਪਰਿਵਾਰ ਦੀ ਧੀ ਪ੍ਰਿਯੰਕਾ ਗਾਂਧੀ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੋਈ ਵੱਡੀ ਜ਼ਿੰਮੇਵਾਰੀ ਦੇਣ ਵਾਲੀ ਹੈ।