ਗੁਜਰਾਤ ਦੇ ਮੋਰਬੀ ‘ਚ ਮੱਛੂ ਨਦੀ ‘ਤੇ ਬਣੇ ਪੁਲ ਦੇ ਟੁੱਟਣ ਕਾਰਨ 134 ਲੋਕਾਂ ਦੀ ਮੌਤ ਹੋ ਗਈ ਹੈ। ਇਹ ਗਿਣਤੀ ਹਾਲੇ ਹੋਰ ਵੀ ਵਧ ਸਕਦੀ ਹੈ ਕਿਉਂਕਿ ਬੀਤੀ ਸ਼ਾਮ ਹਾਦਸਾ ਵਾਪਰਨ ਵੇਲੇ ਪੁਲ ‘ਤੇ 400 ਤੋਂ ਵਧੇਰੇ ਲੋਕ ਮੌਜੂਦ ਸਨ। ਪ੍ਰਸ਼ਾਸਨ ਨੇ ਅੱਜ ਦੁਪਹਿਰ ਤੱਕ 134 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਜਦਕਿ ਕਈ ਹਾਲੇ ਵੀ ਨਦੀ ‘ਚ ਡਿੱਗਣ ਤੋਂ ਬਾਅਦ ਲਾਪਤਾ ਦੱਸੇ ਜਾਂਦੇ ਹਨ। ਮਰਨ ਵਾਲਿਆਂ ‘ਚ 40 ਬੱਚੇ ਵੀ ਸ਼ਾਮਲ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਪੁਲ ਡਿੱਗਿਆ ਤਾਂ ਉਨ੍ਹਾਂ ਨੇ ਔਰਤਾਂ ਅਤੇ ਬੱਚਿਆਂ ਨੂੰ ਵੀ ਇਸ ਦੀਆਂ ਤਾਰਾਂ ਨਾਲ ਲਟਕਦੇ ਦੇਖਿਆ। ਗੁਜਰਾਤ ਸਰਕਾਰ ਨੇ ਇਸ ਹਾਦਸੇ ਦੀ ਜ਼ਿੰਮੇਵਾਰੀ ਲਈ ਹੈ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਘਟਨਾ ‘ਤੇ ਨਜ਼ਰ ਰੱਖਣ ਲਈ ਕਿਹਾ। ਮੋਦੀ ਨੇ ਇਸ ਘਟਨਾ ‘ਚ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਕਿਹਾ ਹੈ ਕਿ ਉਹ ਘਟਨਾ ‘ਤੇ ਨਜ਼ਰ ਰੱਖ ਰਹੇ ਹਨ। ਐਂਬੂਲੈਂਸ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਅਧਿਕਾਰੀਆਂ ਦੇ ਸੰਪਰਕ ‘ਚ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਕਰੀਬ ਸੱਤ ਮਹੀਨੇ ਬੰਦ ਰੱਖਣ ਅਤੇ ਨਵੀਨੀਕਰਨ ਤੋਂ ਬਾਅਦ ਚਾਰ ਦਿਨ ਪਹਿਲਾਂ ਹੀ ਇਹ ਪੁਲ ਲੋਕਾਂ ਲਈ ਖੋਲ੍ਹਿਆ ਗਿਆ ਸੀ। ਮੁਰੰਮਤ ਦੇ ਬਾਵਜੂਦ ਇਥੇ ਇਕੱਠੀ ਹੋਈ ਭੀੜ ਦੇ ਭਾਰ ਕਾਰਨ ਪੁਲ ਟੁੱਟ ਗਿਆ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਪੁਲ ਦੇ ਨਵੀਨੀਕਰਨ ਤੋਂ ਬਾਅਦ ਇਸ ‘ਤੇ ਲੋਕਾਂ ਦੀ ਭੀੜ ਇਕੱਠੀ ਹੋਣ ਦੀ ਇਜਾਜ਼ਤ ਕਿਸ ਨੇ ਦਿੱਤੀ। ਦੱਸਿਆ ਗਿਆ ਹੈ ਕਿ ਕੁਝ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।