ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਚਰਚਾ ’ਚ ਆਏ ਸਾਬਕਾ ਆਈ.ਪੀ.ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਜੇਲ੍ਹ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਜਰਾਤ ਪੁਲੀਸ ਦੇ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੇ 2002 ਦੇ ਫਿਰਕੂ ਦੰਗਿਆਂ ਨਾਲ ਜੁਡ਼ੇ ਇਕ ਮਾਮਲੇ ’ਚ ਸਾਬਕਾ ਆਈ.ਪੀ.ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਪਾਲਨਪੁਰ ਜੇਲ੍ਹ ’ਚੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਭੱਟ ਨੂੰ ਦੰਗਿਆਂ ਦੇ ਸਬੰਧ ’ਚ ਬੇਗੁਨਾਹ ਲੋਕਾਂ ਨੂੰ ਗਲਤ ਤਰੀਕੇ ਨਾਲ ਫਸਾਉਣ ਦੀ ਸਾਜਿਸ਼ ਦੇ ਇਕ ਮਾਮਲੇ ’ਚ ‘ਟਰਾਂਸਫਰ ਵਾਰੰਟ’ ਜ਼ਰੀਏ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮਾਜਿਕ ਵਰਕਰ ਤੀਸਤਾ ਸੀਤਲਵਾਡ਼ ਅਤੇ ਗੁਜਰਾਤ ਦੇ ਸਾਬਕਾ ਪੁਲੀਸ ਜਨਰਲ ਡਾਇਰੈਕਟਰ ਆਰ.ਬੀ. ਸ਼੍ਰੀਕੁਮਾਰ ਮਗਰੋਂ ਇਸ ਮਾਮਲੇ ’ਚ ਗ੍ਰਿਫ਼ਤਾਰ ਭੱਟ ਤੀਜਾ ਦੋਸ਼ੀ ਹੈ। ਸੰਜੀਵ ਭੱਟ 27 ਸਾਲ ਪੁਰਾਣੇ ਇਕ ਮਾਮਲੇ ’ਚ 2018 ਤੋਂ ਬਨਾਸਕਾਂਠਾ ਜ਼ਿਲ੍ਹੇ ਦੀ ਪਾਲਨਪੁਰ ਜੇਲ੍ਹ ’ਚ ਬੰਦ ਸੀ। ਇਹ ਮਾਮਲਾ ਰਾਜਸਥਾਨ ਦੇ ਇਕ ਵਕੀਲ ਨੂੰ ਗਲਤ ਤਰੀਕੇ ਨਾਲ ਫਸਾਉਣ ਨਾਲ ਜੁਡ਼ਿਆ ਹੈ। ਮੁਕੱਦਮੇ ਦੌਰਾਨ ਸਾਬਕਾ ਆਈ.ਪੀ.ਐੱਸ. ਅਧਿਕਾਰੀ ਨੂੰ ਜਾਮਨਗਰ ’ਚ ਹਿਰਾਸਤ ’ਚ ਮੌਤ ਦੇ ਇਕ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ। ਅਹਿਮਦਾਬਾਦ ਅਪਰਾਧ ਸ਼ਾਖਾ ਦੇ ਪੁਲੀਸ ਡਿਪਟੀ ਕਮਿਸ਼ਨਰ ਚੈਤਨਯ ਮਾਂਡਲਿਕ ਨੇ ਕਿਹਾ ਕਿ ਅਸੀਂ ਟਰਾਂਸਫਰ ਵਾਰੰਟ ’ਤੇ ਪਾਲਨਪੁਰ ਜੇਲ੍ਹ ਤੋਂ ਸੰਜੀਵ ਭੱਟ ਨੂੰ ਹਿਰਾਸਤ ’ਚ ਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗੁਜਰਾਤ ਸਰਕਾਰ ਨੇ 2002 ’ਚ ਗੋਧਰਾ ਟਰੇਨ ਅਗਨੀਕਾਂਡ ਮਗਰੋਂ ਹੋਏ ਦੰਗਿਆਂ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ’ਚ ਝੂਠੇ ਸਬੂਤ ਦੇ ਮਾਮਲੇ ’ਚ ਭੱਟ, ਸ਼੍ਰੀਕੁਮਾਰ ਅਤੇ ਸੀਤਲਵਾਡ਼ ਦੀ ਭੂਮਿਕਾਵਾਂ ਦੀ ਜਾਂਚ ਲਈ ਪਿਛਲੇ ਮਹੀਨੇ ਐੱਸ.ਆਈ.ਟੀ. ਦਾ ਗਠਨ ਕੀਤਾ ਸੀ ਅਤੇ ਇਸ ਦੇ ਮੈਂਬਰਾਂ ’ਚੋਂ ਇਕ ਮਾਂਡਿਲਕ ਵੀ ਹੈ। ਅਪਰਾਧ ਸ਼ਾਖਾ ਨੇ ਪਿਛਲੇ ਮਹੀਨੇ ਸੀਤਲਵਾਡ਼ ਅਤੇ ਸ਼੍ਰੀਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਜੇਲ੍ਹ ’ਚ ਹਨ।