ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿੱਤਰੀ ਰਾਜ ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਲਗਾਤਾਰ ਸੱਤਵੀਂ ਵਾਰ ਚੋਣਾਂ ਜਿੱਤ ਗਈ ਹੈ। ਭਾਜਪਾ ਨੇ ਗੁਜਰਾਤ ਅਸੈਂਬਲੀ ਦੇ 182 ਮੈਂਬਰੀ ਸਦਨ ‘ਚ 156 ਸੀਟਾਂ ਜਿੱਤ ਕੇ ਨਵਾਂ ਰਿਕਾਰਡ ਵੀ ਸਿਰਜਿਆ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ 13 ਫੀਸਦ ਵੋਟ ਸ਼ੇਅਰ ਨਾਲ ਭਾਵੇਂ ਪੰਜ ਸੀਟਾਂ ਹੀ ਜਿੱਤ ਸਕੀ, ਪਰ ਉਸ ਨੂੰ ਕੌਮੀ ਪਾਰਟੀ ਦਾ ਦਰਜਾ ਜ਼ਰੂਰ ਮਿਲ ਗਿਆ। ਕਾਂਗਰਸ ਦੇ ਹਿੱਸੇ 17 ਸੀਟਾਂ ਆਈਆਂ ਤੇ ਆਜ਼ਾਦ ਤੇ ਹੋਰ 4 ਸੀਟਾਂ ‘ਤੇ ਜੇਤੂ ਰਹੇ। ਭਾਜਪਾ ਦਾ ਵੋਟ ਸ਼ੇਅਰ 53 ਫੀਸਦ ਦੇ ਕਰੀਬ ਰਿਹਾ, ਜੋ ਪੱਛਮੀ ਸੂਬੇ ‘ਚ ਕਿਸੇ ਪਾਰਟੀ ਵੱਲੋਂ ਦਰਜ ਸਿਖਰਲਾ ਅੰਕੜਾ ਹੈ। ਗੁਜਰਾਤ ਭਾਜਪਾ ਦੇ ਪ੍ਰਧਾਨ ਸੀ.ਆਰ. ਪਾਟਿਲ ਨੇ ਕਿਹਾ ਕਿ ਭੁਪੇਂਦਰ ਪਟੇਲ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਤੇ ਉਨ੍ਹਾਂ ਦਾ ਹਲਫ਼ਦਾਰੀ ਸਮਾਗਮ 12 ਦਸੰਬਰ ਨੂੰ ਹੋਵੇਗਾ। ਪਟੇਲ ਨੇ ਅਹਿਮਦਾਬਾਦ ਦੀ ਘਾਟਲੋਡੀਆ ਸੀਟ 1।.92 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ। 2017 ਦੀਆਂ ਅਸੈਂਬਲੀ ਚੋਣਾਂ ‘ਚ ਬੀ.ਜੇ.ਪੀ. ਨੇ 99 ਸੀਟਾਂ ਜਿੱਤੀਆਂ ਸਨ ਤੇ ਉਦੋਂ ਉਸ ਦਾ ਵੋਟ ਸ਼ੇਅਰ 49.1 ਫੀਸਦ ਸੀ। ਭਾਜਪਾ ਨੇ ਸਾਲ 2002 ‘ਚ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਜਿੱਤੀਆਂ 127 ਸੀਟਾਂ ਦੇ ਰਿਕਾਰਡ ਨੂੰ ਵੀ ਮਾਤ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਗੁਜਰਾਤ ‘ਚ ਹੁਣ ਤੱਕ ਸਭ ਤੋਂ ਵੱਧ 149 ਸੀਟਾਂ ਜਿੱਤਣ ਦਾ ਰਿਕਾਰਡ ਕਾਂਗਰਸ ਦੇ ਨਾਂ ਸੀ। ਕਾਂਗਰਸ ਨੇ 1985 ‘ਚ ਮਾਧਵਸਿੰਹ ਸੋਲੰਕੀ ਦੀ ਅਗਵਾਈ ‘ਚ ਇਹ ਕਮਾਲ ਕਰ ਵਿਖਾਇਆ ਸੀ। ਕਾਂਗਰਸ ਦਾ ਵੋਟ ਸ਼ੇਅਰ 28 ਫੀਸਦ ਦੇ ਕਰੀਬ ਰਿਹਾ ਤੇ ‘ਆਪ’ ਨੇ ਮੁੱਖ ਤੌਰ ‘ਤੇ ਉਸ ਦੇ ਵੋਟ ਬੈਂਕ ਨੂੰ ਖੋਰਾ ਲਾਇਆ।