ਇੰਡੀਆ ਦੇ ਚੋਣ ਕਮਿਸ਼ਨ ਨੇ ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਉਥੇ ਵੋਟਿੰਗ ਦੋ ਪੜਾਵਾਂ ‘ਚ ਇਕ ਅਤੇ ਪੰਜ ਦਸੰਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ‘ਚ ਗੁਜਰਾਤ ‘ਚ ਵੋਟਿੰਗ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਦੱਖਣੀ ਗੁਜਰਾਤ, ਸੌਰਾਸ਼ਟਰ ਅਤੇ ਉੱਤਰੀ ਗੁਜਰਾਤ ਦੇ ਕੁਝ ਹਿੱਸਿਆਂ ਦੀਆਂ 89 ਸੀਟਾਂ ‘ਤੇ ਇਕ ਦਸੰਬਰ ਨੂੰ ਅਤੇ ਮੱਧ ਗੁਜਰਾਤ ਅਤੇ ਉੱਤਰੀ ਗੁਜਰਾਤ ਦੀਆਂ ਬਾਕੀ 93 ਸੀਟਾਂ ‘ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਹੋਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵੀ 8 ਦਸੰਬਰ ਨੂੰ ਕਰਵਾਈ ਜਾਵੇਗੀ। ਰਾਜੀਵ ਕੁਮਾਰ ਨੇ ਦੱਸਿਆ ਕਿ ਪਹਿਲੇ ਪੜਾਅ ਦੀਆਂ ਵੋਟਾਂ ਲਈ ਨੋਟੀਫਿਕੇਸ਼ਨ 5 ਨਵੰਬਰ ਨੂੰ ਜਾਰੀ ਹੋਵੇਗੀ। ਨਾਮਜ਼ਦਗੀ ਦੀ ਆਖ਼ਰੀ ਤਾਰੀਖ਼ 14 ਨਵੰਬਰ ਅਤੇ ਨਾਮ ਵਾਪਸ ਲੈਣ ਦੀ ਤਾਰੀਖ਼ 17 ਨਵੰਬਰ ਹੋਵੇਗੀ। ਵੋਟਾਂ ਦੀ ਪੜਤਾਲ 15 ਨਵੰਬਰ ਨੂੰ ਹੋਵੇਗੀ। ਦੂਜੇ ਪੜਾਅ ਲਈ ਨੋਟੀਫਿਕੇਸ਼ਨ 10 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਤਾਰੀਖ਼ 17 ਨਵੰਬਰ ਅਤੇ ਨਾਮ ਵਾਪਸ ਲੈਣ ਦੀ ਤਾਰੀਖ਼ 21 ਨਵੰਬਰ ਹੋਵੇਗੀ। ਵੋਟਾਂ ਦੀ ਪੜਤਾਲ 18 ਨਵੰਬਰ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ‘ਚ 3 ਲੱਖ 24 ਹਜ਼ਾਰ 422 ਨਵੇਂ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 51 ਹਜ਼ਾਰ 782 ਹੈ। ਰਾਜ ‘ਚ ਸਥਾਪਤ ਕੀਤੇ ਗਏ ਘੱਟੋ-ਘੱਟ 50 ਫੀਸਦੀ ਪੋਲਿੰਗ ਸਟੇਸ਼ਨਾਂ ‘ਤੇ ਵੈਬਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਸੂਬੇ ‘ਚ ਕੁੱਲ ਵੋਟਰ 4.9 ਕਰੋੜ ਹਨ।