ਪੰਜਾਬ ‘ਚ ਵਧ ਰਹੇ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਜ ਮੰਗਲਵਾਰ ਨੂੰ ਦੇਸ਼ ਭਰ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ 70 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਪੰਜਾਬ ‘ਚ ਹੀ ਕਈ ਥਾਵਾਂ ‘ਚ ਛਾਪੇ ਮਾਰੇ ਜਾਣ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ ਸਮੇਤ ਦਿੱਲੀ-ਐੱਨ.ਸੀ.ਆਰ., ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ‘ਚ ਇਹ ਛਾਪੇਮਾਰੀ ਕੀਤੀ ਗਈ। ਲਾਰੈਂਸ ਬਿਸ਼ਨੋਈ ਨੂੰ ਐੱਨ.ਆਈ.ਏ. ਨੇ 24 ਨਵੰਬਰ 2022 ਨੂੰ ਜਨਤਾ ਵਿਚਾਲੇ ਦਹਿਸ਼ਤ ਪੈਦਾ ਕਰਨ ਲਈ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਤਸਕਰਾਂ ਦੇ ਸਿੰਡੀਕੇਟ ਵਲੋਂ ਰਚੀ ਗਈ ਸਾਜਿਸ਼ ਨਾਲ ਜੁੜੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਗ੍ਰਿਫ਼ਤਾਰੀ ਉਦੋਂ ਹੋਈ ਜਦੋਂ ਉਹ ਬਠਿੰਡਾ ਜੇਲ੍ਹ ‘ਚ ਬੰਦ ਸੀ। ਇਹ ਮਾਮਲਾ ਭਾਰਤ ਅਤੇ ਵਿਦੇਸ਼ਾਂ ‘ਚ ਸਥਿਤ ਅਪਰਾਧਕ ਸਿੰਡੀਕੇਟ ਦੇ ਮੈਂਬਰਾਂ ਵਲੋਂ ਪੈਸੇ ਜੁਟਾਉਣ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਦੀ ਭਰਤੀ ਕਰਨ, ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਰਚੀ ਗਈ ਸਾਜਿਸ਼ ਨਾਲ ਸਬੰਧਤ ਹੈ। ਦੇਸ਼ ਦੇ ਲੋਕਾਂ ਦੇ ਮਨ ‘ਚ ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਪ੍ਰਮੁੱਖ ਵਿਅਕਤੀਆਂ ਦਾ ਟਾਰਗੇਟ ਕਤਲ ਸ਼ਾਮਲ ਹੈ। ਐੱਨ.ਆਈ.ਏ. ਵੱਲੋਂ ਗਿੱਦੜਬਾਹਾ ਸਮੇਤ ਪੰਜਾਬ ਅਤੇ ਦੇਸ਼ ਦੇ ਹੋਰ ਵੱਖ-ਵੱਖ ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਜੇਲ੍ਹਾਂ ‘ਚ ਗੈਂਗਸਟਰਾਂ ਨੂੰ ਮਿਲਦੀ ਮਦਦ ਦੀ ਜਾਂਚ ਸਬੰਧੀ ਕੀਤੀ ਜਾ ਰਹੀ ਹੈ। ਗੈਂਗਸਟਰਾਂ ਦੇ ਨੈੱਟਵਰਕ ‘ਤੇ ਐੱਨ.ਆਈ.ਏ. ਦੀ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ, ਟਿੱਲੂ ਤਾਜਪੁਰੀਆ ਅਤੇ ਗੋਲਡੀ ਬਰਾੜ ਪਹਿਲਾਂ ਤੋਂ ਹੀ ਐੱਨ.ਆਈ.ਏ. ਦੀ ਰਾਡਾਰ ‘ਤੇ ਹਨ। ਅੱਜ ਸਵੇਰੇ ਤਕਰੀਬਨ ਸਾਢੇ ਪੰਜ ਵਜੇ ਦਿੱਲੀ ਤੋਂ ਆਈ ਐੱਨ.ਆਈ.ਏ. ਦੀ ਟੀਮ ਵੱਲੋਂ ਏ ਕੈਟਾਗਰੀ ਦੇ ਗੈਂਗਸਟਰ ਰੰਮੀ ਮਛਾਣਾ ਦੇ ਘਰ ਛਾਪਾ ਮਾਰਿਆ। ਐੱਨ.ਆਈ.ਏ. ਦੀ ਤਿੰਨ ਮੈਂਬਰੀ ਟੀਮ ਵੱਲੋਂ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਗਿੱਦੜਬਾਹਾ ‘ਚ ਰੰਮੀ ਮਛਾਣਾ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਸਬੰਧੀ ਗੈਂਗਸਟਰ ਰੰਮੀ ਮਛਾਣਾ ਦੇ ਪਿਤਾ ਜਰਨੈਲ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਜਦੋਂ ਉਹ ਸੁੱਤੇ ਸਨ ਤਾਂ ਅਚਾਨਕ ਦਰਵਾਜ਼ਾ ਖੜਕਿਆ, ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਪੁਲੀਸ ਪਾਰਟੀ ਖੜ੍ਹੀ ਸੀ। ਪਰਿਵਾਰ ਵੱਲੋਂ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਟੀਮ ਆਈ ਹੈ ਅਤੇ ਘਰ ਦੀ ਤਲਾਸ਼ੀ ਲੈਣੀ ਹੈ। ਟੀਮ ਵੱਲੋਂ ਸਾਰੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਜ਼ਬਤ ਕਰਕੇ ਘਰ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਬੰਦ ਕਰਕੇ ਘਰ ਦੀਆਂ ਪੇਟੀਆਂ, ਅਲਮਾਰੀਆਂ ਅਤੇ ਬੈੱਡ ਖੋਲ੍ਹ ਕੇ ਤਲਾਸ਼ੀ ਲਈ ਗਈ। ਇਸੇ ਤਰ੍ਹਾਂ ਡੱਬਵਾਲੀ ਨੇੜੇ ਪਿੰਡ ਰੋੜਾਂਵਾਲੀ ਵਿਖੇ ਗੁਰਮੀਤ ਸਿੰਘ ਦੇ ਘਰ ਛਾਪੇਮਾਰੀ ਕੀਤੀ। ਗੁਰਮੀਤ ਦੇ ਘਰ ‘ਚ ਛਾਪੇਮਾਰੀ ਬਾਅਦ ਟੀਮ ਉਸ ਨੂੰ ਪੁੱਛਗਿੱਛ ਲਈ ਥਾਣਾ ਲੰਬੀ ਗਈ। ਐੱਨ.ਆਈ.ਏ. ਦੀ ਟੀਮ ਸਥਾਨਕ ਪੁਲੀਸ ਸਮੇਤ ਅੱਜ ਸਵੇਰੇ ਕਰੀਬ 8:50 ਵਜੇ ਇਨੋਵਾ ਗੱਡੀ ‘ਤੇ ਰੋੜਾਂਵਾਲੀ ਪੁੱਜੀ। ਜ਼ਿਲ੍ਹਾ ਸਿਰਸਾ ‘ਚ ਐੱਨ.ਆਈ.ਏ. ਦੀਆਂ ਵੱਖ-ਵੱਖ ਟੀਮਾਂ ਨੇ ਅੱਜ ਸਵੇਰੇ ਕਾਲਾਂਵਾਲੀ, ਤੱਖਤਮਲ ਤੇ ਡੱਬਵਾਲੀ ਦੇ ਕਈ ਕਾਰੋਬਾਰੀਆਂ ਦੇ ਨਿਵਾਸ ਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਮੋਗਾ ‘ਚ ਅਰਸ਼ ਡਾਲਾ ਦੇ ਸਾਥੀ ਦੇ ਘਰ ਵੀ ਐੱਨ.ਆਈ.ਏ. ਦੀ ਟੀਮ ਨੇ ਛਾਪੇਮਾਰੀ ਕੀਤੀ ਹੈ।