‘ਕਾਫੀ ਸਮੇਂ ਤੱਕ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਰਿਹਾ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ‘ਚ ਪੁਲੀਸ ਹਿਰਾਸਤ ‘ਚ ਚੱਲ ਰਹੇ ਗੈਂਸਗਟਰ ਲਾਰੈਂਸ ਬਿਸ਼ਨੋਈ ਨੂੰ ਕਰੀਬ ਸਾਢੇ ਚਾਰ ਮਹੀਨੇ ਬਾਅਦ ਪੰਜਾਬ ਤੋਂ ਬਾਹਰ ਭੇਜਿਆ ਜਾਵੇਗਾ। ਅਸਲ ‘ਚ ਐੱਨ.ਆਈ.ਏ. ਨੂੰ ਇਸ ਵਕਤ ਬਠਿੰਡਾ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਅਤੇ ਐੱਨ.ਆਈ.ਏ. ਨੇ ਉਸ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਮੁੱਖ ਮੁਲਜ਼ਮ ਹੈ ਅਤੇ ਉਹ ਸਾਢੇ ਚਾਰ ਮਹੀਨਿਆਂ ਬਾਅਦ ਪੰਜਾਬ ਤੋਂ ਬਾਹਰ ਜਾ ਰਿਹਾ ਹੈ। ਐੱਨ.ਆਈ.ਏ. ਨੇ ਲਾਰੈਂਸ ਬਿਸ਼ਨੋਈ ਨੂੰ ਵੀਰਵਾਰ ਸਵੇਰ ਯੂ.ਏ.ਪੀ.ਏ. (ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ) ਤਹਿਤ ਹਿਰਾਸਤ ‘ਚ ਲੈਣ ਤੋਂ ਬਾਅਦ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਪੇਸ਼ ਕੀਤਾ। ਇਸ ਦੌਰਾਨ ਅਦਾਲਤ ਨੇ ਐੱਨ.ਆਈ.ਏ. ਨੂੰ ਗੈਂਗਸਟਰ ਬਿਸ਼ਨੋਈ ਦਾ 10 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਹੈ ਜਦਕਿ ਉਨ੍ਹਾਂ ਨੇ 12 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਜਾਣਕਾਰੀ ਮੁਤਾਬਕ ਐੱਨ.ਆਈ.ਏ. ਨੇ ਲਾਰੈਂਸ ‘ਤੇ ਅੱਤਵਾਦੀ ਅਤੇ ਗੈਰਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਯੂ.ਏ.ਪੀ.ਏ. ਤਹਿਤ ਮਾਮਲਾ ਦਰਜ ਕੀਤਾ ਸੀ। ਯੂ.ਏ.ਪੀ.ਏ. ਇਕ ਨਿਯਮ ਹੈ ਜੋ ਕਿ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ‘ਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਬਣਾਇਆ ਗਿਆ ਹੈ। ਐੱਨ.ਆਈ.ਏ. ਹੁਣ ਬਿਸ਼ਨੋਈ ਨੂੰ ਦਿੱਲੀ ਲੈ ਕੇ ਜਾਵੇਗੀ ਅਤੇ ਉਸ ਦੇ ਅੱਤਵਾਦੀ ਸਬੰਧਾਂ ਬਾਰੇ ਉਸ ਕੋਲੋਂ ਪੁੱਛਗਿੱਛ ਕਰੇਗੀ। ਸੂਤਰਾਂ ਮੁਤਾਬਕ ਕੇਂਦਰੀ ਖ਼ੁਫੀਆ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਨੂੰ ਇਨਪੁਟ ਦਿੱਤੀ ਹੈ ਕਿ ਕਈ ਗੈਂਗਸਟਰ ਅੱਤਵਾਦੀ ਸੰਗਠਨਾਂ ਦੇ ਸੰਪਰਕ ‘ਚ ਹਨ। ਇਹ ਵੀ ਦੱਸਣਯੋਗ ਹੈ ਕਿ ਐੱਨ.ਆਈ.ਏ. ਲਾਰੈਂਸ ਬਿਸ਼ਨੋਈ ਨੂੰ ਹੱਥ ਬੰਨ੍ਹ ਕੇ ਲਿਜਾਣ ਦੀ ਮਨਜ਼ੂਰੀ ਮੰਗੀ ਸੀ ਪਰ ਅਦਾਲਤ ਨੇ ਇਸ ਤੋਂ ਇਨਕਾਰ ਕਰ ਦਿੱਤਾ।