ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਲਾਰੈਂਸ ਬਿਸ਼ਨੋਈ ਦਾ ਮੋਗਾ ਪੁਲੀਸ ਨੇ ਦਸ ਦਿਨ ਦਾ ਪੁਲੀਸ ਰਿਮਾਂਡ ਲਿਆ ਹੈ। ਮੋਗਾ ਪੁਲੀਸ ਨੇ ਡਿਪਟੀ ਮੇਅਰ ਦੇ ਭਰਾ ’ਤੇ ਹਮਲੇ ਦੇ ਸਬੰਧ ’ਚ ਮਾਨਯੋਗ ਅਦਾਲਤ ’ਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਦਸ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਯਾਦ ਰਹੇ ਕਿ ਲੰਘੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਉੱਪਰ ਦੋ ਹਥਿਆਰਬੰਦ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਪਿਤਾ ਨੂੰ ਬਚਾਉਣ ਆਏ ਉਸ ਦੇ ਪੁੱਤਰ ਦੇ ਪੈਰ ’ਚ ਗੋਲੀ ਲੱਗੀ ਸੀ ਪਰ ਉਥੇ ਹਿੰਮਤ ਦਿਖਾਉਂਦਿਆਂ ਇਕ ਹਥਿਆਰਬੰਦ ਮੋਨੂੰ ਡਾਗਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਸੀ ਅਤੇ ਉਸਦਾ ਦੂਜਾ ਸਾਥੀ ਯੋਧਾ ਫਰਾਰ ਹੋ ਗਿਆ ਸੀ। ਮੋਨੂੰ ਡਾਗਰ ਲਾਰੈਂਸ ਬਿਸ਼ਨੋਈ ਦਾ ਆਦਮੀ ਦੱਸਦਿਆਂ ਸੀ.ਆਈ.ਏ. ਮੋਗਾ ਪੁਲੀਸ ਨੇ ਦਸ ਦਿਨ ਦਾ ਰਿਮਾਂਡ ਲਿਆ ਹੈ। ਇਸ ਪੁਲੀਸ ਰਿਮਾਂਡ ਦੌਰਾਨ ਮੋਗਾ ਪੁਲੀਸ ਹਮਲੇ ਬਾਰੇ ਪੁੱਛਗਿੱਛ ਕਰਨ ਤੋਂ ਇਲਾਵਾ ਸਿੱਧੂ ਮੂਸੇਵਾਲਾ ਸਮੇਤ ਹੋਰਨਾਂ ਮਾਮਲਿਆਂ ਬਾਰੇ ਵੀ ਪੁੱਛਗਿੱਛ ਕਰੇਗੀ।