ਗੈਂਗਸਟਰ ਰੂਪਾ ਅਤੇ ਮੰਨੂ ਕੁੱਸਾ ਨੇ ਜਿਸ ਮਕਾਨ ’ਚ ਦਾਖ਼ਲ ਹੋ ਕੇ ਪੁਲੀਸ ’ਤੇ ਗੋਲੀਆਂ ਚਲਾਈਆਂ ਸਨ, ਪੁਲੀਸ ਵੱਲੋਂ ਉਸ ਇਮਾਰਤ ਦੇ ਮਾਲਕ ਕੋਲੋਂ ਪਡ਼ਤਾਲ ਕੀਤੀ ਗਈ ਹੈ। ਇਸ ਦੌਰਾਨ ਪੁਲੀਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਪੁਲੀਸ ਨੇ ਗਾਇਕ ਮੂਸੇਵਾਲਾ ਕਤਲ ਮਾਮਲੇ ’ਚ ਲੋਡ਼ੀਂਦੇ ਦੋ ਗੈਂਗਸਟਰਾਂ ਨੂੰ ਪੁਲੀਸ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ। ਇਹ ਮੁਕਾਬਲਾ ਪਿੰਡ ਭਕਨਾ ਕਲਾਂ ਨੇਡ਼ੇ ਖੇਤਾਂ ’ਚ ਬਣੇ ਇਕ ਮਕਾਨ ਕੋਲ ਹੋਇਆ ਸੀ। ਅਜਿਹੇ ਮੁਕਾਬਲਿਆਂ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਰਦੇਸ਼ਾਂ ਹੇਠ ਪੁਲੀਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਇਸ ਟੀਮ ਦੀ ਅਗਵਾਈ ਐੱਸ.ਪੀ. ਪ੍ਰਿਥੀਪਾਲ ਸਿੰਘ ਕਰ ਰਹੇ ਹਨ ਜਦੋਂਕਿ ਟੀਮ ਦੇ ਮੈਂਬਰਾਂ ’ਚ ਡੀ.ਐੱਸ.ਪੀ. ਸੰਜੀਵ ਕੁਮਾਰ ਅਤੇ ਐੱਸ.ਐੱਚ.ਓ. ਗੁਰਵਿੰਦਰ ਸਿੰਘ ਸ਼ਾਮਲ ਹਨ। ਇਸ ਦੌਰਾਨ ਪੁਲੀਸ ਨੇ ਖੇਤਾਂ ’ਚ ਬਣੇ ਮਕਾਨ ਦੇ ਮਾਲਕ ਬਲਵਿੰਦਰ ਸਿੰਘ ਕੋਲੋਂ ਪਡ਼ਤਾਲ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਇਮਾਰਤ ਤੇ ਕਈ ਏਕਡ਼ ਜ਼ਮੀਨ ਇਸ ਵਿਅਕਤੀ ਨੇ ਹਾਲ ਹੀ ’ਚ ਖ਼ਰੀਦੀ ਹੈ। ਬਲਵਿੰਦਰ ਡੇਅਰੀ ਚਲਾ ਰਿਹਾ ਹੈ ਤੇ ਇਸ ਇਮਾਰਤ ਨੂੰ ਡੰਗਰਾਂ ਦੇ ਚਾਰੇ ਲਈ ਵਰਤ ਰਿਹਾ ਸੀ। ਪੁਲੀਸ ਗੈਂਗਸਟਰਾਂ ਦੇ ਇਥੇ ਲੁਕਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਦਾ ਕੋਈ ਅਪਰਾਧਕ ਪਿਛੋਕਡ਼ ਨਹੀਂ ਹੈ। ਪੁਲੀਸ ਵੱਲੋਂ ਇਲਾਕੇ ਦੇ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਪੁਲੀਸ ਇਮਾਰਤ ਨੂੰ ਸੀਲ ਕੀਤਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਮਾਮਲੇ ਦੀ ਮੈਜਿਸਟਰੇਟ ਜਾਂਚ ਵੀ ਕੀਤੀ ਜਾ ਰਹੀ ਹੈ।