ਸੀ.ਆਈ.ਏ. ਸਟਾਫ਼ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਮਦਦ ਨਾਲ ਫਰਾਰ ਹੋਏ ਗੈਂਗਸਟਰ ਦੀਪਕ ਟੀਨੂ ਮਾਮਲੇ ‘ਚ ਜਾਂਚ ਲਈ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਚਾਰ ਮੈਂਬਰੀ ਜਾਂਚ ਟੀਮ ਬਣਾਈ ਗਈ ਹੈ। ਗੈਂਗਸਟਰ ਦੇ ਫਰਾਰ ਹੋਣ ਤੋਂ ਬਾਅਦ ਭਾਵੇਂ ਸੀ.ਆਈ.ਏ. ਮਾਨਸਾ ਦੇ ਇੰਚਾਰਜ ਨੂੰ ਨੌਕਰੀਓਂ ਲਾਂਭੇ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ ਪਰ ਇਸ ਮਾਮਲੇ ‘ਚ ਉਸ ਦੀ ਭੂਮਿਕਾ, ਗੈਂਗਸਟਰ ਨੂੰ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਉਣ ਦੇ ਲੱਗਦੇ ਦੋਸ਼ਾਂ ਆਦਿ ਦੀ ਇਹ ਟੀਮ ਜਾਂਚ ਕਰੇਗੀ। ਮਾਨਸਾ ਤੋਂ ਗੈਂਗਸਟਰ ਦੀਪਕ ਟੀਨੂ ਦੇ ਪੁਲੀਸ ਹਿਰਾਸਤ ‘ਚੋਂ ਭੱਜਣ ਦੀ ਸਾਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਅਤੇ ਇਸ ਮਾਮਲੇ ਦੀ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਇਹ ਚਾਰ ਮੈਂਬਰੀ ਵਿਸ਼ੇਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ‘ਚ ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਛੀਨਾ ਨੂੰ ਚੇਅਰਮੈਨ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਤਿੰਨ ਮੈਂਬਰਾਂ ‘ਚ ਏ.ਆਈ.ਜੀ. ਐਂਟੀ ਗੈਂਗਸਟਰ ਟਾਸਕ ਫੋਰਸ ਓਪਿੰਦਰਜੀਤ ਸਿੰਘ ਘੁੰਮਣ, ਐੱਸ.ਐੱਸ.ਪੀ. ਮਾਨਸਾ ਗੌਰਵ ਤੂਰਾ ਅਤੇ ਡੀ.ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਸ਼ਾਮਲ ਹਨ। ਥਾਣਾ ਸਿਟੀ-1 ਮਾਨਸਾ ਦੇ ਮੁਖੀ ਇਸ ‘ਸਿਟ’ ਨੂੰ ਪੂਰੀ ਸਹਾਇਤਾ ਕਰਨਗੇ, ਜਦੋਂ ਕਿ ‘ਸਿਟ’ ਬਠਿੰਡਾ ਅਤੇ ਪਟਿਆਲਾ ਰੇਂਜ ਦੇ ਕਿਸੇ ਹੋਰ ਅਧਿਕਾਰੀ ਨੂੰ ਵੀ ਸਹਾਇਤਾ ਲਈ ਚੁਣ ਸਕਦੀ ਹੈ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਟਵੀਟ ‘ਚ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੈ ਅਤੇ ਪੁਲੀਸ ਦੀਆਂ ਕਈ ਟੀਮਾਂ ਫਰਾਰ ਹੋਏ ਵਿਅਕਤੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਡੀ.ਜੀ.ਪੀ. ਨੇ ਕਿਹਾ ਕਿ ‘ਸਿਟ’ ਇਸ ਮਾਮਲੇ ਦੀ ਰੋਜ਼ਾਨਾ ਜਾਂਚ ਕਰੇਗੀ ਅਤੇ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਸਬੂਤ ਰਿਕਾਰਡ ‘ਤੇ ਆਉਂਦੇ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਪੁਲੀਸ ਰਿਪੋਰਟ ਮੁਕੱਦਮੇ ਦੀ ਸਬੰਧਤ ਅਦਾਲਤ ‘ਚ ਪੇਸ਼ ਕੀਤੀ ਜਾਵੇਗੀ।