ਮਾਨਸਾ ਪੁਲੀਸ ਦੀ ਹਿਰਾਸਤ ‘ਚੋਂ ਖ਼ਤਰਨਾਕ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਤਾਂ ਪੁਲੀਸ ਦੀ ਚੁਫੇਰੇ ਬਹੁਤ ਕਿਰਕਿਰੀ ਹੋਈ ਅਤੇ ਵਿਰੋਧੀਆਂ ਨੇ ਪੁਲੀਸ ਦੇ ਨਾਲ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਟੀਨੂੰ ਨੂੰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਮਾਨਸਾ ਪੁਲਸ ਗੈਂਗਸਟਰ ਦੀਪਕ ਟੀਨੂੰ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ‘ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਾ ਰਹੀ ਸੀ, ਇਸ ਦੌਰਾਨ ਉਹ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲੀਸ ਸੂਤਰਾਂ ਮੁਤਾਬਕ ਦੀਪਕ ਏ ਕੈਟਾਗਿਰੀ ਦਾ ਖ਼ਤਰਨਾਕ ਗੈਂਗਸਟਰ ਹੈ, ਜਿਸ ‘ਤੇ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਲੁੱਟ-ਖੋਹ ਸਣੇ ਕਈ ਅਪਰਾਧਿਕ ਮਾਮਲੇ ਦਰਜ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਮਾਨਸਾ ਪੁਲੀਸ ਦੀਪਕ ਨੂੰ ਪੁੱਛਗਿੱਛ ਲਈ ਲੈ ਕੇ ਜਾ ਰਹੀ ਸੀ। 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਇਸ ਤੋਂ ਦੋ ਦਿਨ ਪਹਿਲਾਂ ਹੀ ਮਤਲਬ 27 ਮਈ ਨੂੰ ਲਾਰੈਂਸ ਨੇ ਦੀਪਕ ਟੀਨੂੰ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਇਸ ਦੇ ਚੱਲਦੇ ਪੁਲੀਸ ਵਲੋਂ ਦੀਪਕ ਟੀਨੂੰ ਤੋਂ ਪੁੱਛਗਿੱਛ ਕੀਤੀ ਜਾਣੀ ਸੀ। ਦੀਪਕ ਕੋਈ ਛੋਟਾ-ਮੋਟਾ ਗੈਂਗਸਟਰ ਨਹੀਂ ਹੈ, ਦੀਪਕ ‘ਤੇ ਹਰਿਆਣਾ ਪੁਲੀਸ ਵਲੋਂ ਵੀ ਇਨਾਮ ਰੱਖਿਆ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲੀਸ ਗੈਂਗਸਟਰ ਨੂੰ ਪ੍ਰਾਈਵੇਟ ਗੱਡੀ ਰਾਹੀਂ ਲੈ ਕੇ ਜਾ ਰਹੀ ਸੀ। ਏ-ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਦਾ ਇਸ ਤਰ੍ਹਾਂ ਪੁਲੀਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਜਾਣਾ ਪੁਲੀਸ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।
ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗੈਂਗਸਟਰ ਦੀਪਕ ਟੀਨੂੰ ਦੇ ਮਾਨਸਾ ਪੁਲੀਸ ਹਿਰਾਸਤ ‘ਚੋਂ ਫ਼ਰਾਰ ਹੋਣ ਤੋਂ ਬਾਅਦ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੰਜਾਬ ਸਰਕਾਰ ਤੇ ਪੁਲੀਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਮਾਤਾ ਚਰਨ ਕੌਰ ਨੇ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ‘ਚ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਹੈ, ਜਿਸ ਕਾਰਨ ਖ਼ਤਰਨਾਕ ਗੈਂਗਸਟਰ ਸ਼ਰੇਆਮ ਪੁਲੀਸ ਹਿਰਾਸਤ ‘ਚੋਂ ਫ਼ਰਾਰ ਹੋ ਰਹੇ ਹਨ। ਮੂਸੇਵਾਲਾ ਦਾ ਮਾਤਾ ਨੇ ਕਿਹਾ ਕਿ ਆਪਣੇ ਪੁੱਤ ਨੂੰ ਇਨਸਾਫ਼ ਦਵਾਉਣ ਲਈ ਬੇਸ਼ੱਕ ਸਾਨੂੰ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪਵੇ ਪਰ ਅਸੀਂ ਹਰ ਹਾਲ ‘ਚ ਇਨਸਾਫ਼ ਲੈ ਕੇ ਰਿਹਾਂਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਾਰੀਆਂ ਸਹੂਲਤਾਂ ਜੇਲ੍ਹਾਂ ‘ਚ ਬੈਠਿਆਂ ਨੂੰ ਹੀ ਮਿਲੀ ਜਾ ਰਹੀਆਂ ਹਨ। ਬੀਤੇ ਦਿਨੀਂ ਵੀ ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੇਸ਼ੀ ‘ਤੇ ਲਜਾਇਆ ਜਾ ਰਿਹਾ ਸੀ, ਉਸ ਵੇਲੇ ਲਾਰੈਂਸ ਦੇ ਮੱਥੇ ‘ਤੇ ਤਿਲਕ ਲੱਗਾ ਹੋਇਆ ਸੀ। ਜਿਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਉਸ ਦੀ ਪੂਜਾ ਕਰਕੇ ਉਸ ਨੂੰ ਲਿਆਂਦਾ ਗਿਆ ਹੈ। ਮਾਤਾ ਚਰਨ ਕੌਰ ਨੇ ਕਿਹਾ ਕਿ ਆਮ ਲੋਕ ਹੀ ਉਸ ਨਾਲ ਖੜ੍ਹੇ ਹਨ ਤੇ ਪੰਜਾਬ ਸਰਕਾਰ ਕੋਲੋਂ ਉਨ੍ਹਾਂ ਨੂੰ ਕੁਝ ਖ਼ਾਸ ਉਮੀਦ ਨਹੀਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਹਰ ਜ਼ਿਲ੍ਹੇ ‘ਚ ਸਿੱਧੂ ਨੂੰ ਇਨਸਾਫ਼ ਦਵਾਉਣ ਲਈ ਕੈਂਡਲ ਮਾਰਚ ਕੱਢੇ ਜਾਣਗੇ। ਇਸ ਦੇ ਲਈ ਉਹ ਇਕ ਵਟਸਐੱਪ ਨੰਬਰ ਵੀ ਜਾਰੀ ਕਰਨਗੇ। ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਪੁੱਛਿਆ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਿੱਧੂ ਦੇ ਅਸਲ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਈ ਲੋਕਾਂ ਦੇ ਨਾਮ ਵੀ ਪੁਲੀਸ ਨੂੰ ਦਰਜ ਕਰਵਾਏ ਗਏ ਸਨ ਪਰ ਪੁਲੀਸ ਵੱਲੋਂ ਉਸ ‘ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ।
ਗੈਂਗਸਟਰ ਦੀਪਕ ਟੀਨੂੰ ਪੁਲੀਸ ਹਿਰਾਸਤ ‘ਚੋਂ ਫਰਾਰ, ਸਰਕਾਰ ਤੇ ਪੁਲੀਸ ਸਵਾਲਾਂ ‘ਚ ਘਿਰੀ
Related Posts
Add A Comment