ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਨਾਮਜ਼ਦ ‘ਚ ਸੀ.ਆਈ.ਏ. ਇੰਚਾਰਜ ਮਾਨਸਾ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ‘ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਬਾਰੇ ਤਾਜ਼ਾ ਅਪਡੇਟ ਆਈ ਹੈ। ਉਸਦੇ ਅਫਰੀਕਾ ‘ਚ ਮੌਜੂਦ ਹੋਣ ਦੀ ਸੂਚਨਾ ਹੈ। ਕਿਹਾ ਜਾ ਰਿਹਾ ਹੈ ਕਿ ਉਹ ਮਰੀਸ਼ਸ ਹੋ ਕੇ ਅਫਰੀਕਾ ਪਹੁੰਚ ਗਿਆ ਹੈ। ਉਸ ਨੂੰ ਭੱਜਣ ‘ਚ ਮੱਦਦ ਕਰਨ ਵਾਲੇ ਤਿੰਨ ਜਣੇ ਲੁਧਿਆਣਾ ‘ਚ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ‘ਚ ਇਕ ਜਿਮ ਦਾ ਮਾਲਕ ਵੀ ਸ਼ਾਮਲ ਹੈ ਜਿਸ ‘ਤੇ ਡਰੱਗ ਤਸਕਰੀ ਦਾ ਵੀ ਦੋਸ਼ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤੀ ਗਈ ਇਕ ਕਾਲੇ ਰੰਗ ਦੀ ਸਕੋਡਾ ਕਾਰ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ. 11 ਸੀ.ਜੇ. 1563 ਹੈ, ਵੀ ਬਰਾਮਦ ਕੀਤੀ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਕੋਹਲੀ, ਰਾਜਵੀਰ ਸਿੰਘ ਉਰਫ਼ ਕਾਜ਼ਮਾ ਅਤੇ ਰਜਿੰਦਰ ਸਿੰਘ ਉਰਫ਼ ਗੋਰਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਕੁਲਦੀਪ ਕੋਹਲੀ ਇਕ ਜਿਮ ਦਾ ਮਾਲਕ ਹੈ ਅਤੇ ਜਿਮ ਚਲਾਉਣ ਦੀ ਆੜ ‘ਚ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ। ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਕਿ ਚੱਲ ਰਹੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਟੀਨੂੰ ਦੇ ਨਜ਼ਦੀਕੀ ਸਾਥੀ ਸਨ ਅਤੇ ਉਨ੍ਹਾਂ ਨੇ ਟੀਨੂੰ ਨੂੰ ਪੁਲੀਸ ਹਿਰਾਸਤ ‘ਚੋਂ ਭੱਜਣ ‘ਚ ਮਦਦ ਕੀਤੀ ਸੀ, ਜਿਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਵਿਸ਼ੇਸ਼ ਜਾਂਚ ਟੀਮ ਨੇ ਇਨ੍ਹਾਂ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ 1 ਅਕਤੂਬਰ ਨੂੰ ਦੀਪਕ ਟੀਨੂੰ ਨੇ ਕੋਹਲੀ ਨੂੰ ਇਕ ਮਹਿਲਾ ਸਹਿਯੋਗੀ ਭੇਜਣ ਲਈ ਕਿਹਾ ਸੀ, ਜਿਸ ਨੇ ਸੀ।.ਆਈ.ਏ. ਮਾਨਸਾ ਵਿਖੇ ਆਪਣੇ ਸਾਥੀਆਂ ਸਮੇਤ ਟੀਨੂੰ ਨੂੰ ਭੱਜਣ ‘ਚ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਰਾਜਵੀਰ ਸਿੰਘ ਨੇ ਆਪਣੇ ਸਾਥੀ ਗਗਨਦੀਪ ਖਹਿਰਾ ਵਾਸੀ ਲੁਧਿਆਣਾ ਨਾਲ ਮਿਲ ਕੇ ਜ਼ੀਰਕਪੁਰ ਤੋਂ ਇਕ ਮਹਿਲਾ ਸਾਥੀ ਨੂੰ ਲਿਆ ਅਤੇ ਕੋਹਲੀ ਵੱਲੋਂ ਦਿੱਤੇ ਕੱਪੜਿਆਂ ਦੇ ਬੈਗ ਸਮੇਤ ਸੀ।.ਆਈ.ਏ. ਮਾਨਸਾ ਨੇੜੇ ਸੁੱਟ ਦਿੱਤਾ। ਡੀ.ਜੀ.ਪੀ. ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਕੋਹਲੀ ਪਿਛਲੇ ਦੋ ਸਾਲਾਂ ਤੋਂ ਦੀਪਕ ਟੀਨੂੰ ਨਾਲ ਜੁੜੇ ਹੋਏ ਹਨ, ਜਦੋਂ ਉਹ ਦੋਵੇਂ ਕਪੂਰਥਲਾ ਜੇਲ੍ਹ ‘ਚ ਬੰਦ ਸਨ। ਉਨ੍ਹਾਂ ਕਿਹਾ ਕਿ ਕੋਹਲੀ ਨੂੰ ਸਾਲ 2021 ‘ਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਟੀਨੂੰ ਦੇ ਹਰਿਆਣਾ ਆਧਾਰਿਤ ਸਾਥੀਆਂ ਨਾਲ ਸਰਹੱਦ ਪਾਰ ਡਰੱਗ ਸਮੱਗਲਿੰਗ ‘ਚ ਸ਼ਾਮਲ ਸੀ।