ਮੁੱਲਾਂਪੁਰ-ਰਾਏਕੋਟ ਰੋਡ ਸਥਿਤ ਕਸਬਾ ਸੁਧਾਰ ਦੀ ਪਿੰਡ ਪੱਤੀ ਧਾਲੀਵਾਲ ‘ਚ 12 ਸਾਲਾਂ ਤੋਂ ਕਬੱਡੀ ਕੱਪ ਕਰਵਾਉਣ ਵਾਲੀ ਕਲਗੀਧਰ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ ਨੂੰ ਸਿੱਧੂ ਮੂਸੇਵਾਲਾ ਨੂੰ ਸਮਰਪਿਤ 13ਵਾਂ ਕਬੱਡੀ ਕੱਪ ਅਧਵਾਟੇ ਹੀ ਰੱਦ ਕਰਨਾ ਪੈ ਗਿਆ। ਚਾਰ ਮੈਚ ਖੇਡਣ ਤੋਂ ਬਾਅਦ ਕਬੱਡੀ ਟੀਮਾਂ ਨੇ ਮੈਦਾਨ ‘ਚ ਉੱਤਰਨ ਤੋਂ ਹੀ ਇਨਕਾਰ ਕਰ ਦਿੱਤਾ ਜਿਸ ਪਿੱਛੇ ਗੈਂਗਸਟਰਾਂ ਦੀ ਧਮਕੀ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਕਬੱਡੀ ਟੂਰਨਾਮੈਂਟ ਦਾ 13ਵਾਂ ਕਬੱਡੀ ਕੱਪ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ‘ਚ ਵੱਡੀ ਇਨਾਮੀ ਰਕਮ ਤੋਂ ਇਲਾਵਾ ਬਿਹਤਰੀਨ ਧਾਵੀ ਅਤੇ ਜਾਫੀ ਨੂੰ ਸਿੱਧੂ ਮੂਸੇਵਾਲਾ ਦੇ ਪਸੰਦੀਦਾ 5911 ਟਰੈਕਟਰ ਇਨਾਮ ਵਜੋਂ ਦਿੱਤੇ ਜਾਣੇ ਸਨ। ਇਸ ਟੂਰਨਾਮੈਂਟ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਪਰ ਕਬੱਡੀ ਟੀਮਾਂ ਨੇ ਬਲਕੌਰ ਸਿੰਘ ਦੀ ਹਾਜ਼ਰੀ ‘ਚ ਖੇਡਣ ਤੋਂ ਹੀ ਇਨਕਾਰ ਕਰ ਦਿੱਤਾ। ਬਲਕੌਰ ਸਿੰਘ ਸੰਖੇਪ ਭਾਸ਼ਣ ਦੇ ਕੇ ਕੁਝ ਸਮੇਂ ਬਾਅਦ ਹੀ ਚਲੇ ਗਏ। ਕਲੱਬ ਅਤੇ ਪ੍ਰਬੰਧਕ ਭਾਵੇਂ ਸਿੱਧੇ ਤੌਰ ‘ਤੇ ਇਹ ਮੰਨਣ ਤੋਂ ਇਨਕਾਰੀ ਰਹੇ ਪਰ ਦਰਸ਼ਕਾਂ ਸਣੇ ਪਿੰਡ ਵਾਸੀਆਂ ‘ਚ ਚਰਚਾ ਹੈ ਇਹ ਟੂਰਨਾਮੈਂਟ ਜੇਲ੍ਹਾਂ ‘ਚ ਬੰਦ ਗੈਂਗਸਟਰਾਂ ਨੇ ਰੁਕਵਾਇਆ ਹੈ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਖਿਡਾਰੀਆਂ ਨੂੰ ਧਮਕੀਆਂ ਮਿਲਣ ਤੋਂ ਇਨਕਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਬੱਡੀ ਕੱਪ ‘ਚ ਓਪਨ ਦੀਆਂ 12 ਮਸ਼ਹੂਰ ਟੀਮਾਂ ਆਈਆਂ ਸਨ ਜਿਨ੍ਹਾਂ ਨੇ ਚਾਰ ਮੈਚਾਂ ਤੋਂ ਬਾਅਦ ਅਚਾਨਕ ਹੀ ਮੈਦਾਨ ‘ਚ ਆਉਣ ਤੋਂ ਇਨਕਾਰ ਕਰ ਦਿੱਤਾ। ਪ੍ਰਬੰਧਕਾਂ ਨੇ ਜਗਰਾਉਂ ਨੇੜਲੇ ਨਾਨਕਸਰ ਕਲੇਰਾਂ ‘ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦਾ ਹਵਾਲਾ ਦੇ ਕੇ ਹਕੀਕਤ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਟੀਮਾਂ ਨੂੰ ਟੂਰਨਾਮੈਂਟ ‘ਚ ਆਉਣ ਤੋਂ ਰੋਕਣ ਦੀ ਖ਼ਬਰ ਹੈ। ਇਹ ਵੀ ਪਤਾ ਲੱਗਾ ਹੈ ਕਿ ਬਿਸ਼ਨੋਈ ਗੈਂਗ ਨੇ ਸਾਰੇ ਟੂਰਨਾਮੈਂਟ ਪ੍ਰਬੰਧਕਾਂ ਨੂੰ ਸਿੱਧੂ ਮੂਸੇਵਾਲਾ ਦੀ ਯਾਦ ‘ਚ ਟੂਰਨਾਮੈਂਟ ਕਰਵਾਉਣ ਤੋਂ ਵਰਜਿਆ ਹੈ। ਕਲੱਬ ਦੇ ਮੁਖੀ ਕਰਮਜੀਤ ਸਿੰਘ ਸਿੱਧੂ ਨੇ ਕਬੱਡੀ ਕੱਪ ਰੱਦ ਕਰਨ ਦੇ ਸਵਾਲ ‘ਤੇ ਕਬੱਡੀ ਫੈਡਰੇਸ਼ਨਾਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਫੈਡਰੇਸ਼ਨਾਂ ਪੇਂਡੂ ਟੂਰਨਾਮੈਂਟਾਂ ਦੀ ਥਾਂ ਵੱਡੇ ਖਿਡਾਰੀਆਂ ਦਾ ਦਬਦਬਾ ਬਣਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਬੱਡੀ ਕੱਪ ਦੀਆਂ ਨਵੀਂਆਂ ਤਾਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ।