ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਗੈਂਗਸਟਰਾਂ ਤੋਂ ਪੀੜਤ ਸਮੂਹ ਪਰਿਵਾਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਨਿਆਂ ਲਈ ਇਕੱਠੇ ਹੋ ਕੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ‘ਤੇ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਇਹ ਸਭ ਸਿਰਫ ਇਨਸਾਫ਼ ਲਈ ਨਹੀਂ ਸਗੋਂ ਭਵਿੱਖ ‘ਚ ਨੌਜਵਾਨਾਂ ਦੇ ਸੁਰੱਖਿਅਤ ਭਵਿੱਖ ਲਈ ਜ਼ਰੂਰੀ ਕਰਾਰ ਦਿੰਦਿਆਂ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਸਿੱਧੂ ਮੂਸੇਵਾਲਾ ਦੀ ‘ਦਿ ਲਾਸਟ ਰਾਈਡ-ਥਾਰ’ ਨੂੰ ਪਰਿਵਾਰ ਨੇ ਕਤਲ ਦੇ ਪੌਣੇ ਸੱਤ ਮਹੀਨਿਆਂ ਬਾਅਦ ਹਵੇਲੀ ‘ਚ ਹੋਰਾਂ ਯਾਦਗਾਰੀ ਵਾਹਨਾਂ ਨਾਲ ਖੜ੍ਹਾ ਦਿੱਤਾ ਹੈ ਤਾਂ ਕਿ ਗਾਇਕ ਦੇ ਪ੍ਰਸ਼ੰਸਕ ਥਾਰ ਨੂੰ ਦੇਖ ਸਕਣ। ਬੀਤੇ ਦਿਨ ਜਦੋਂ ਗੋਲੀਆਂ ਨਾਲ ਵਿੰਨ੍ਹੀ ਇਹ ਥਾਰ ਪਿੰਡ ਮੂਸਾ ਪੁੱਜੀ ਸੀ ਤਾਂ ਗਾਇਕ ਦਾ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਿਆ ਸੀ। ਭਾਵੇਂ ਮੂਸੇਵਾਲਾ ਦੇ ਕੁਝ ਪ੍ਰਸ਼ੰਸਕ ਅਤੇ ਰਿਸ਼ਤੇਦਾਰ ਇਸ ਥਾਰ ਨੂੰ ਮਨਹੂਸ ਮੰਨਦੇ ਹਨ ਪਰ ਪਿਤਾ ਵੱਲੋਂ ਉਸ ਨੂੰ ਯਾਦਗਾਰ ਵਜੋਂ ਸਾਂਭ ਕੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਥਾਰ ਥਾਣਾ ਸਿਟੀ ਮਾਨਸਾ ‘ਚ ਬੰਦ ਸੀ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਤੁਲ ਕੰਬੋਜ ਦੀ ਅਦਾਲਤ ਦੇ ਹੁਕਮਾਂ ‘ਤੇ ਗੱਡੀ ਪਰਿਵਾਰ ਨੂੰ ਸੌਂਪੀ ਗਈ। ਪਿਤਾ ਬਲਕੌਰ ਸਿੰਘ ਨੇ ਥਾਰ ਨੂੰ ਘਟਨਾ ਵਾਲੀ ਹਾਲਤ ‘ਚ ਹੀ ਹਵੇਲੀ ‘ਚ ਲਗਾਇਆ ਹੈ। ਬਲਕੌਰ ਸਿੰਘ ਨੇ ਇਨ੍ਹਾਂ ਗੋਲੀਆਂ ਦੇ ਨਿਸ਼ਾਨ ਅਤੇ ਅੰਦਰ ਦੀ ਹਾਲਤ ਬਿਲਕੁਲ ਉਵੇਂ ਹੀ ਰੱਖੀ ਹੈ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਜੀਪ ਉਨ੍ਹਾਂ ਦੇ ਪਰਿਵਾਰ ਦੀ ਆਪਣੀ ਨਹੀਂ ਸੀ। ਇਕ ਵਿਅਕਤੀ ਉਨ੍ਹਾਂ ਤੋਂ ਵੇਚਿਆ ਹੋਇਆ ਇਕ ਟਰੈਕਟਰ ਇਸ ਥਾਰ ਜੀਪ ‘ਤੇ ਲੈਣ ਆਇਆ ਸੀ। ਬਾਅਦ ‘ਚ ਇਹ ਜੀਪ ਮੂਸੇਵਾਲਾ ਨੂੰ ਪਸੰਦ ਆ ਗਈ ਤਾਂ ਉਹ ਉਥੇ ਹੀ ਇਸ ਨੂੰ ਖੜ੍ਹਾ ਗਏ ਸਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼-ਵਿਦੇਸ਼ ਰਹਿੰਦੇ ਗੈਂਗਸਟਰਾਂ ਵੱਲੋਂ ਪੰਜਾਬ ਦੇ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਫ਼ਿਰੌਤੀਆਂ ਦੇ ਪੀੜਤ ਪਰਿਵਾਰਾਂ ਨੂੰ ਸਰਕਾਰ ਅਤੇ ਪੁਲੀਸ ਤੋਂ ਝਾਕ ਛੱਡਦੇ ਹੋਏ ਇਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਇਨ੍ਹਾਂ ਖ਼ਿਲਾਫ਼ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ, ਸਗੋਂ ਇਕੱਠੇ ਹੋ ਕੇ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਇਕ ਵਾਰ ਫਿਰ ਪੰਜਾਬੀਆਂ ਦੀ ਏਕਤਾ ਅਤੇ ਭਾਈਚਾਰੇ ਦਾ ਸਬੂਤ ਦੇਣਾ ਚਾਹੀਦਾ ਹੈ।