ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਅਮਰੀਕਾ ‘ਚ ਇੰਡੀਆ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਟੈੱਕ ਜਾਇੰਟ ਦੀਆਂ ਇੰਡੀਆ ‘ਚ ਭਵਿੱਖੀ ਸਰਗਰਮੀਆਂ ‘ਤੇ ਚਰਚਾ ਕੀਤੀ ਹੈ। ਪਿਚਾਈ ਪਹਿਲੇ ਸਿਖਰਲੇ ਇੰਡੀਆ-ਅਮਰੀਕਨ ਟੈੱਕ ਕਾਰੋਬਾਰੀ ਆਗੂ ਹਨ, ਜਿਨ੍ਹਾਂ ਭਾਰਤੀ ਅੰਬੈਸੀ ਦਾ ਦੌਰਾ ਕੀਤਾ ਹੈ। ਕਾਬਿਲੇਗੌਰ ਹੈ ਕਿ ਇਹ ਮੀਟਿੰਗ ਪਿਛਲੇ ਹਫ਼ਤੇ ਵਾਸ਼ਿੰਗਟਨ ਡੀ.ਸੀ. ‘ਚ ਹੋਈ ਸੀ ਤੇ ਪਿਚਾਈ ਨੇ ਇਕ ਟਵੀਟ ਕਰਕੇ ਰਾਜਦੂਤ ਸੰਧੂ ਦਾ ‘ਧੰਨਵਾਦ’ ਕੀਤਾ ਸੀ। ਪਿਚਾਈ, ਜਿਨ੍ਹਾਂ ਨੂੰ ਇਸ ਸਾਲ ਜਨਵਰੀ ‘ਚ 17 ਹੋਰਨਾਂ ਨਾਲ ਪਦਮ ਭੂਸ਼ਨ ਲਈ ਨਾਮਜ਼ਦ ਕੀਤਾ ਗਿਆ ਸੀ, ਨੇ ਕਿਹਾ, ‘ਗੂਗਲ ਦੀ ਭਾਰਤ ਪ੍ਰਤੀ ਵਚਨਬੱਧਤਾ ‘ਤੇ ਚਰਚਾ ਲਈ ਦਿੱਤੇ ਮੌਕੇ ਦੀ ਸ਼ਲਾਘਾ ਕਰਦਾ ਹਾਂ ਤੇ ਇੰਡੀਆ ਦੇ ਡਿਜੀਟਲ ਭਵਿੱਖ ਲਈ ਹਮਾਇਤ ਜਾਰੀ ਰੱਖਣ ਦੀ ਦਿਸ਼ਾ ਵੱਲ ਵੇਖ ਰਹੇ ਹਾਂ।’ ਉਧਰ ਸੰਧੂ ਨੇ ਇਕ ਵੱਖਰੇ ਟਵੀਟ ‘ਚ ਕਿਹਾ, ‘ਗੂਗਲ ਤੇ ਅਲਫਾਬੈੱਟ ਪਿਚਾਈ ਨੂੰ ਅੰਬੈਸੀ ‘ਚ ਮਿਲ ਕੇ ਵੱਡੀ ਖੁਸ਼ੀ ਹੋਈ। ਇੰਡੀਆ-ਅਮਰੀਕਾ ਕਮਰਸ਼ਲ, ਗਿਆਨ ਤੇ ਟੈੱਕ ਭਾਈਵਾਲੀ ਦਾ ਘੇਰਾ ਮੋਕਲਾ ਕਰਨ ਲਈ ਇਕ ਦੂਜੇ ਨਾਲ ਵਿਚਾਰ ਸਾਂਝੇ ਕੀਤੇ।’ ਜ਼ਿਕਰਯੋਗ ਹੈ ਕਿ ਪਿਚਾਈ ਨੇ ਗੂਗਲ ਫਾਰ ਇੰਡੀਆ ਡਿਜੀਟਾਈਜ਼ੇਸ਼ਨ ਤਹਿਤ 10 ਅਰਬ ਅਮਰੀਕਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਗੂਗਲ ਦੀ ਇੰਡੀਆ ‘ਚ ਰਿਲਾਇੰਸ ਜੀਓ ਤੇ ਭਾਰਤੀ ਏਅਰਟੈੱਲ ਨਾਲ ਭਾਈਵਾਲੀ ਹੈ ਤੇ ਸਰਕਾਰ ਨਾਲ ਮਿਲ ਕੇ ਡਿਜੀਟਲ ਇੰਡੀਆ ਪ੍ਰੋਗਰਾਮ ਤੇ ਨੈਸ਼ਨਲ ਡਿਜੀਟਲ ਲਿਟਰੇਸੀ ਮਿਸ਼ਨ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ।