ਗੋਇੰਦਵਾਲ ਜੇਲ੍ਹ ‘ਚ ਦੋ ਕੈਦੀਆਂ ਦੀ ਹੱਤਿਆ ਤੋਂ ਬਾਅਦ ਇਸ ਘਟਨਾਕ੍ਰਮ ਦੀ ਬਣਾਈ ਗਈ ਵੀਡੀਓ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨੇ ਜੇਲ੍ਹ ਦੇ ਅਧਿਕਾਰੀਆਂ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਇਸ ਮਾਮਲੇ ‘ਚ ਜੇਲ੍ਹ ਸੁਪਰਡੈਂਟ ਸਮੇਤ 7 ਅਧਿਕਾਰੀ ਮੁਅੱਤਲ ਕਰ ਦਿੱਤੇ ਗਏ ਹਨ ਜਿਨ੍ਹਾਂ ‘ਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ਪੁਲੀਸ ਹੈਡਕੁਆਰਟਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ‘ਚ ਰਿਕਾਰਡ ਹੋਈ ਵੀਡੀਓ ਐਤਵਾਰ ਨੂੰ ਵਾਇਰਲ ਹੋਈ ਜਿਸ ‘ਚ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ 26 ਫਰਵਰੀ ਨੂੰ ਜੇਲ੍ਹ ‘ਚ ਦੋ ਗੁੱਟਾਂ ਦਰਮਿਆਨ ਹੋਏ ਗੈਂਗਵਾਰ ਦੌਰਾਨ ਮਾਰੇ ਗਏ ਦੋ ਗੈਂਗਸਟਰਾਂ ਦੀ ਘਟਨਾ ਦਾ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ‘ਚ ਆਈ.ਟੀ. ਐਕਟ ਦੀ ਧਾਰਾ 66, ਜੇਲ੍ਹ ਐਕਟ ਦੀ ਧਾਰਾ 52, ਆਈ.ਪੀ.ਸੀ. ਦੀ ਧਾਰਾ 506 ਅਤੇ 149 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਤੇ ਮੁਅੱਤਲ ਕੀਤੇ ਗਏ ਪੰਜ ਜੇਲ੍ਹ ਅਧਿਕਾਰੀਆਂ ਦੀ ਪਛਾਣ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ, ਵਧੀਕ ਜੇਲ੍ਹ ਸੁਪਰਡੈਂਟ ਵਿਜੇ ਕੁਮਾਰ, ਸਹਾਇਕ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ, ਏ.ਐੱਸ.ਆਈ. ਜੋਗਿੰਦਰ ਸਿੰਘ ਅਤੇ ਏ.ਐੱਸ.ਆਈ. ਹਰਚੰਦ ਸਿੰਘ ਵਜੋਂ ਹੋਈ ਹੈ। ਇਸ ਤੋਂ ਇਲਾਵਾ ਵਧੀਕ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਅਤੇ ਹੈੱਡ ਕਾਂਸਟੇਬਲ ਸ਼ਵਿੰਦਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਜਾਂਚ ਤੋਂ ਬਾਅਦ ਪੁਲੀਸ ਨੇ ਇਸ ਕੇਸ ‘ਚ ਡਿਊਟੀ ਦੌਰਾਨ ਅਣਗਹਿਲੀ ਕਰਨ ਅਤੇ ਜੇਲ੍ਹ ਦੇ ਕੈਦੀਆਂ ਨਾਲ ਮਿਲੀਭੁਗਤ ਕਰ ਕੇ ਵੀਡੀਓ ਸ਼ੂਟ ਕਰਨ ਲਈ ਨਾਮਜ਼ਦ ਕੀਤਾ ਹੈ। ਵੀਡੀਓ ਘਟਨਾ ਵਾਲੇ ਦਿਨ ਹੀ ਬਣਾਈ ਗਈ ਸੀ ਅਤੇ ਕੁਝ ਦਿਨਾਂ ਬਾਅਦ ਵਾਇਰਲ ਹੋ ਗਈ। ਆਈ.ਜੀ.ਪੀ. ਨੇ ਕਿਹਾ ਕਿ ਵੀਡੀਓ ਵਾਇਰਲ ਕਰਨ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਮਨਪ੍ਰੀਤ ਸਿੰਘ ਉਰਫ ਭਾਊ, ਸਚਿਨ ਭਿਵਾਨੀ ਉਰਫ ਸਚਿਨ ਚੌਧਰੀ, ਅੰਕਿਤ ਲਾਟੀ ਉਰਫ ਅੰਕਿਤ ਸਿਰਸਾ, ਕਸ਼ਿਸ਼ ਉਰਫ ਕੁਲਦੀਪ, ਰਜਿੰਦਰ ਉਰਫ ਜੋਕਰ, ਹਰਦੀਪ ਸਿੰਘ ਉਰਫ ਮਾਮਾ, ਬਲਦੇਵ ਸਿੰਘ ਉਰਫ ਨਿੱਕੂ, ਦੀਪਕ ਉਰਫ ਮੁੰਡੀ ਅਤੇ ਮਲਕੀਤ ਸਿੰਘ ਉਰਫ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ। ਵੀਡੀਓ ‘ਚ ਲਾਰੈਂਸ ਗੈਂਗ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਪਸ਼ਬਦ ਬੋਲਦੇ ਹੋਏ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣੇ ਦੀਆਂ ਜੇਲ੍ਹ ‘ਚ ਪਈਆਂ ਲਾਸ਼ਾਂ ਦਿਖਾ ਰਹੇ ਹਨ ਤੇ ਇਹ ਸਭ ਜੇਲ੍ਹ ਵਿਚਲੀ ਪੁਲੀਸ ਸਾਹਮਣੇ ਹੋ ਰਿਹਾ ਹੈ। ਇਸ ਵੀਡੀਓ ‘ਚ ਪੁਲੀਸ ਮੁਲਾਜ਼ਮ ਸਭ ਕੁਝ ਦੇਖਦੇ ਹੋਏ ਵੀ ਬੇਵੱਸ ਨਜ਼ਰ ਆ ਰਹੇ ਹਨ। ਇਹ ਵੀਡੀਓ ਬਣਾਉਣ ਵਾਲਾ ਆਪਣਾ ਨਾਮ ਸਚਿਨ ਭਿਵਾਨੀ ਦੱਸਦੇ ਹੋਏ ਇਨ੍ਹਾਂ ਦੋਵੇਂ ਕਤਲਾਂ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਆਪਣੇ ਸਾਥੀ ਅੰਕਿਤ ਸੇਰਸਾ ਤੇ ਸਾਥੀਆਂ ਨਾਲ ਮਨਦੀਪ ਸਿੰਘ ਤੂਫਾਨ ਤੇ ਮਨਮੋਹਨ ਸਿੰਘ ਮੋਹਣੇ ਦੀ ਮੌਤ ਦਾ ਜਸ਼ਨ ਮਨਾਉਂਦੇ ਹੋਏ ਆਖ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਪਿਉ ਮੰਨਣ ਵਾਲਿਆਂ ਨੂੰ ਸਬਕ ਸਿਖਾ ਦਿੱਤਾ ਗਿਆ ਹੈ। ਗੈਂਗਸਟਰ ਅਪਸ਼ਬਦ ਬੋਲਦੇ ਹੋਏ ਜੱਗੂ ਗੈਂਗ ਦੇ ਬਾਕੀ ਬਚੇ ਸਾਥੀਆਂ ਨੂੰ ਸਬਕ ਸਿਖਾਉਣ ਦੀ ਗੱਲ ਕਹਿ ਰਹੇ ਹਨ।