29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਧਮਕੀਆਂ ਮਿਲ ਰਹੀਆਂ ਹਨ। ਪੀਡ਼ਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਮਾਨਸਾ ਪੁਲੀਸ ਨੂੰ ਕੀਤੀ ਹੈ। ਇਹ ਧਮਕੀਆਂ ਸੋਸ਼ਲ ਮੀਡੀਆ ’ਤੇ ਦੇਣ ਤੋਂ ਇਲਾਵਾ ਫੋਨ ਕਰਕੇ ਵੀ ਦਿੱਤੀਆਂ ਜਾ ਰਹੀਆਂ ਹਨ। ਇਕ ਫੋਨ ਕਾਲ ’ਚ ਕਿਹਾ ਗਿਆ ਕਿ ‘ਸਬਰ ਰੱਖੋ ਜਲਦੀ ਹੀ ਪੁੱਤ ਕੋਲ ਭੇਜ ਦਿਆਂਗੇ।’ ਪੁਲੀਸ ਦੀ ਮੁੱਢਲੀ ਪਡ਼ਤਾਲ ਅਨੁਸਾਰ ਇਨ੍ਹਾਂ ਧਮਕੀਆਂ ਦੀਆਂ ਜ਼ਿਆਦਾਤਰ ਫੋਨ ਕਾਲਾਂ ਪਾਕਿਸਤਾਨ ਤੋਂ ਆ ਰਹੀਆਂ ਹਨ। ਮਾਨਸਾ ਪੁਲੀਸ ਨੇ ਇਸ ਦੀ ਗੰਭੀਰਤਾ ਨਾਲ ਜਾਂਚ-ਪਡ਼ਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਡਰ-ਭੈਅ ਨਾ ਮੰਨਣ ਅਤੇ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁਡ਼ੇ ਦੋ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਮਾਨਸਾ ਪੁਲੀਸ ਨੇ ਅੰਮ੍ਰਿਤਸਰ ’ਚ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਹੈ, ਜਿਨ੍ਹਾਂ ਦੀ ਸਨਾਖ਼ਤ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅ੍ਰਮਿਤਸਰ ’ਚ ਸੱਦਿਆ ਗਿਆ ਸੀ, ਪਰ ਪਰਿਵਾਰ ਇਨ੍ਹਾਂ ਦੋ ਸ਼ਾਰਪ ਸ਼ੂਟਰਾਂ ਦੀ ਮੌਤ ਤੋਂ ਬਾਅਦ ਵੀ ਸੰਤੁਸ਼ਟ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ’ਚ ਗੈਂਗਸਟਰ ਕਲਚਰ ਖ਼ਤਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਖੁਦ ਨੂੰ ਇਨਸਾਫ਼ ਮਿਲਣਾ ਅਤੇ ਮੂਸੇਵਾਲਾ ਦੀ ਆਤਮਾ ਨੂੰ ਸ਼ਾਤੀ ਮਿਲਣ ਦੀ ਆਸ ਨਹੀਂ ਕਰ ਸਕਦੇ। ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਇਕ ਪ੍ਰਸ਼ੰਸਕ ਨੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਵਕਾਲਤ ਕਰਦਿਆਂ ਸ਼ੋਸਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਤੋਂ ਕੁਝ ਵਿਅਕਤੀਆਂ ਨੂੰ ਤਕਲੀਫ਼ ਹੋਈ ਹੈ। ਪ੍ਰਸ਼ੰਸਕ ਨੂੰ ਪੋਸਟ ਪਾਉਣ ਦੇ ਬਦਲੇ ਪਾਕਿਸਤਾਨ ਤੋਂ ਫੋਨ ਅਤੇ ਐੱਸ.ਐੱਮ.ਐੱਸ. ਕਰ ਕੇ ਅਜਿਹੀਆਂ ਪੋਸਟਾਂ ਪਾਉਣ ਤੋਂ ਗੁਰੇਜ਼ ਕਰਨ ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਜਤਾਉਣ ਦੀ ਤੋਂ ਵਰਜਿਆ ਗਿਆ ਹੈ। ਧਮਕੀ ’ਚ ਕਿਹਾ ਗਿਆ ਹੈ ਕਿ ਅਜਿਹਾ ਸਭ ਕੁਝ ਬੰਦ ਨਾ ਕੀਤਾ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀ ਮਾਡ਼ਾ ਹਾਲ ਹੋਵੇਗਾ। ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਰਿਵਾਰ ਦੀ ਸੁਰੱਖਿਆ ’ਚ ਵਾਧਾ ਕੀਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਹਰ ਥਾਂ ਬੁਲੇਟ ਪਰੂਫ਼ ਫਾਰਚੂਨਰ ਰਾਹੀਂ ਹੀ ਜਾਣ ਦੀ ਸਲਾਹ ਦਿੱਤੀ ਹੋਈ ਹੈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਧਮਕੀ ਦੇਣ ਵਾਲਿਆਂ ਨੂੰ ਸਾਫ਼ ਕਿਹਾ ਹੈ ਕਿ ਉਹ ਆਪਣੇ ਪੁੱਤ ਨੂੰ ਇਨਸਾਫ਼ ਅਤੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਰਹਿਣਗੇ ਭਾਵੇਂ ਉਸ ਲਈ ਜੋ ਮਰਜ਼ੀ ਕੀਮਤ ਚੁਕਾਉਣੀ ਪਵੇ।