ਉੱਘੇ ਪੰਜਾਬੀ ਗਾਇਕ ਬੱਬੂ ਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਗਾਇਕ ਦੀ ਮੁਹਾਲੀ ਦੇ ਸੈਕਟਰ 70 ਘਰ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਪੁਲੀਸ ਨੇ ਉਥੇ ਵਾਧੂ ਜਵਾਨ ਤਾਇਨਾਤ ਕੀਤੇ ਹਨ। ਗਾਇਕ ਤੇ ਅਦਾਕਾਰ ਬੱਬੂ ਮਾਨ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੋਨ ‘ਤੇ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਸੂਚਨਾ ਮਿਲਣ ਮਗਰੋਂ ਸਥਾਨਕ ਪੁਲੀਸ ਨੇ ਹਰਕਤ ‘ਚ ਆਉਂਦਿਆਂ ਗਾਇਕ ਦੀ ਸੁਰੱਖਿਆ ‘ਚ ਵਾਧਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਬੱਬੂ ਮਾਨ ਨੂੰ ਇਹ ਧਮਕੀ ਭਰਿਆ ਫੋਨ ਕਰਨ ਵਾਲਾ ਗੈਂਗਸਟਰ ਬੰਬੀਹਾ ਗਰੁੱਪ ਦਾ ਦੱਸਿਆ ਜਾ ਰਿਹਾ ਹੈ। ਧਮਕੀ ਬਾਰੇ ਜਾਣਕਾਰੀ ਮਿਲਣ ਮਗਰੋਂ ਮੁਹਾਲੀ ਪੁਲੀਸ ਨੇ ਬੱਬੂ ਮਾਨ ਦੀ ਸੁਰੱਖਿਆ ਹੋਰ ਸਖ਼ਤ ਕਰਦਿਆਂ ਸਥਾਨਕ ਸੈਕਟਰ-71 ਸਥਿਤ ਗਾਇਕ ਦੇ ਘਰ ਦੇ ਬਾਹਰ ਵੱਡੀ ਗਿਣਤੀ ‘ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁਹਾਲੀ ‘ਚ ਹੀ ਰਹਿੰਦੇ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਵੀ ਫਿਰੌਤੀ ਲਈ ਧਮਕੀ ਦਿੱਤੀ ਗਈ ਸੀ। ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਗੋਲਡੀ ਬਰਾੜ ਦੇ ਨਾਂ ‘ਤੇ ਧਮਕੀ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਪੁਲੀਸ ਨੇ ਇਹ ਪੋਸਟ ਪਾਉਣ ਵਾਲੀ ਲੋਕੇਸ਼ਨ ਲੱਭਣੀ ਸ਼ੁਰੂ ਕੀਤੀ ਤਾਂ ਇਹ ਲਾਸ ਏਂਜਲਸ (ਅਮਰੀਕਾ) ਦੀ ਆਈ। ਗੋਲਡੀ ਬਰਾੜ ਦੇ ਪਹਿਲਾਂ ਕੈਨੇਡਾ ‘ਚ ਰਹਿਣ ਦੀਆਂ ਖ਼ਬਰਾਂ ਆਈਆਂ ਸਨ ਜਦਕਿ ਹੁਣ ਉਸਦੇ ਅਮਰੀਕਾ ‘ਚ ਹੋਣ ਦੀ ਗੱਲ ਕਹੀ ਜਾ ਰਹੀ ਹੈ।