ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਰਵਾਉਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਇਸ ਮਾਮਲੇ ‘ਚ 4 ਗੈਂਗਸਟਰ ਚੰਡੀਗੜ੍ਹ ਪੁਲੀਸ ਦੇ ਆਪਰੇਸ਼ਨ ਸੈੱਲ ਨੇ ਕਾਬੂ ਕੀਤੇ ਹਨ। ਇਸ ਬਾਰੇ ਪੁਲੀਸ ਅਧਿਕਾਰੀਆਂ ਨੇ ਅੱਜ ਮੀਡੀਆ ਕਾਨਫਰੰਸ ‘ਚ ਖੁਲਾਸਾ ਕਰਦਿਆਂ ਦੱਸਿਆ ਕਿ ਗੈਂਗ ਨੂੰ ਅਰਮਾਨੀਆ ‘ਚ ਲੁਕਿਆ ਗੈਂਗਸਟਰ ਲੱਕੀ ਪਟਿਆਲ ਚਲਾ ਰਿਹਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਬੂੜੇਲ ਦੇ ਮਨੂੰ ਬੱਟਾ (29), ਪੰਚਕੂਲਾ ਦਾ ਅਮਨ ਕੁਮਾਰ ਉਰਫ ਵਿੱਕੀ (29), ਮਲੋਆ ਦਾ ਸੰਜੀਵ ਉਰਫ ਸੰਜੂ (23) ਅਤੇ ਕੁਲਦੀਪ ਉਰਫ ਕਿੰਮੀ (26) ਦੇ ਰੂਪ ‘ਚ ਹੋਈ ਹੈ। ਬੀਤੀ 12 ਮਾਰਚ ਨੂੰ ਸੈਕਟਰ 49 ਥਾਣੇ ‘ਚ ਆਈ.ਪੀ.ਸੀ. ਦੀ ਧਾਰਾ 384, 386, 120 ਬੀ ਅਤੇ ਆਰਮਸ ਐਕਟ ਦੀ ਧਾਰਾ 25, 54, 59 ‘ਚ ਦਰਜ ਕੇਸ ਵਿਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਆਪਰੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਗੈਂਗ ਨੂੰ ਵਿਦੇਸ਼ ‘ਚ ਬੈਠੇ ਗੈਂਗਸਟਰ ਵਟਸਐੱਪ ਰਾਹੀਂ ਆਪਰੇਟ ਕਰਦੇ ਹਨ, ਜਿਸ ਰਾਹੀਂ ਵਪਾਰੀਆਂ, ਹੋਟਲ, ਕਲੱਬ, ਡਿਸਕ ਮਾਲਕਾਂ, ਪ੍ਰਾਪਰਟੀ ਡੀਲਰਾਂ ਤੋਂ ਵਸੂਲੀ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਪੁਲੀਸ ਪਾਰਟੀ ਬੀਤੀ 12 ਮਾਰਚ ਨੂੰ ਸੈਕਟਰ 50 ‘ਚ ਸਪੋਰਟਸ ਕੰਪਲੈਕਸ ਕੋਲ ਪੈਟਰੋਲਿੰਗ ਕਰ ਰਹੀ ਸੀ। ਇਸ ਦੌਰਾਨ ਸ਼ਾਮ ਲਗਭਗ 5.30 ਵਜੇ ਇਕ ਸੂਤਰ ਨੇ ਪੁਲੀਸ ਨੂੰ ਗੈਂਗਸਟਰ ਖੁੱਡਾ ਅਲੀ ਸ਼ੇਰ ਵਾਸੀ ਲੱਕੀ ਪਟਿਆਲਾ ਅਤੇ ਕੈਨੇਡਾ ਬੈਠੇ ਉਸ ਦੇ ਸਾਥੀ ਪ੍ਰਿੰਸ ਕੁਰਾਲੀ ਅਤੇ ਮਲੇਸ਼ੀਆ ‘ਚ ਰਹਿ ਰਹੇ ਲਾਲੀ ਦੇ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਲੱਕੀ ਪਟਿਆਲ ਅਤੇ ਉਸ ਦੇ ਸਾਥੀਆਂ ਦੇ ਕਹਿਣ ‘ਤੇ ਮਲੋਆ ਦਾ ਮੁਕੁਲ ਰਾਣਾ, ਉਸ ਦਾ ਦੋਸਤ ਬੁੜੈਲ ਵਾਸੀ ਮਨੂੰ ਬੱਟਾ ਆਉਣ ਵਾਲੇ ਦਿਨਾਂ ‘ਚ ਚੰਡੀਗੜ੍ਹ ‘ਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਜਾਣਕਾਰੀ ਦੇ ਆਧਾਰ ‘ਤੇ ਸੈਕਟਰ 49 ਥਾਣੇ ‘ਚ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਕਾਰਵਾਈ ਕਰਦੇ ਹੋਏ 12 ਮਾਰਚ ਨੂੰ ਮਨੂੰ ਬੱਟਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ‘ਚੋਂ .32 ਬੋਰ ਹਥਿਆਰ, ਮੈਗਜ਼ੀਨ ਅਤੇ 5 ਕਾਰਤੂਸ ਅਤੇ ਇਕ ਸਕੌਡਾ ਕਾਰ ਬਰਾਮਦ ਹੋਈ। ਇਸ ਤੋਂ ਬਾਅਦ 13 ਮਾਰਚ ਨੂੰ ਅਮਨ ਕੁਮਾਰ ਉਰਫ ਵਿੱਕੀ, ਕਮਲਦੀਪ ਉਰਫ ਕਿੰਮੀ, ਸੰਜੀਵ ਉਰਫ ਸੰਜੂ ਨੂੰ ਫੜਿਆ ਗਿਆ। ਅਮਨ ਤੋਂ .30 ਬੋਰ ਦੇ ਪਿਸਤੌਲ ਅਤੇ 4 ਕਾਰਤੂਸ ਬਰਾਮਦ ਹੋਏ। ਉਥੇ ਹੀ ਕਮਲਦੀਪ ਉਰਫ ਕਿਮੀ ਤੋਂ .32 ਬੋਰ ਦੀ ਰਿਵਾਲਵਰ ਅਤੇ ਸੰਜੀਵ ਉਰਫ ਸੰਜੂ ਤੋਂ ਵੀ .32 ਬੋਰ ਦੀ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ ਗਏ। ਕਮਲੀਦਪ ਨੇ ਪੁਲੀਸ ਕੋਲ ਕਬੂਲਿਆ ਕਿ ਉਸ ਨੇ ਸਾਲ 2020 ‘ਚ ਬਾਊਂਸਰ ਸੁਰਜੀਤ ਸਿੰਘ ਦੀ ਸੈਕਟਰ 38 ‘ਚ ਕਤਲ ਦੀ ਯੋਜਨਾ ਬਣਾਈ ਸੀ। ਉਹ ਪ੍ਰਿੰਸ ਦਾ ਦੋਸਤ ਹੈ ਜੋ ਕੈਨੇਡਾ ‘ਚ ਰਹਿੰਦਾ ਹੈ ਅਤੇ ਪਹਿਲਾਂ ਖੁੱਡਾ ਅਲੀ ਸ਼ੇਰ ‘ਚ ਰਹਿੰਦਾ ਸੀ। ਉਸ ਨੇ ਦੱਸਿਆ ਕਿ ਸੁਰਜੀਤ ਦੇ ਕਤਲ ਤੋਂ ਹਫਤਾ ਪਹਿਲਾਂ ਉਸ ਨੂੰ ਪ੍ਰਿੰਸ ਦੀ ਕਾਲ ਆਈ ਸੀ। ਉਸ ਨੇ ਦੋ ਸ਼ੂਟਰਾਂ ਬਾਰੇ ਦੱਸਿਆ ਸੀ। ਪ੍ਰਿੰਸ ਨੇ ਕਮਲਦੀਪ ਨੂੰ ਉਨ੍ਹਾਂ ਨੂੰ ਲੋਜਿਸਟਿਕ ਸਪੋਰਟ ਦੇਣ ਲਈ ਕਿਹਾ ਸੀ। ਉਨ੍ਹਾਂ ਦੇ ਨਾਂ ਨੀਰਜ ਗੁਪਤਾ ਉਰਫ ਚਸਕਾ ਅਤੇ ਦੀਪਕ ਮਾਨ ਸੀ। ਕਮਲਦੀਪ ਨੇ ਉਨ੍ਹਾਂ ਨੂੰ ਲੋਜਿਸਟਿਕ ਸਪੋਰਟ ਪਹੁੰਚਾਈ। ਉਥੇ ਹੀ ਮੁਕੁਲ ਰਾਣਾ ਨੇ ਸੁਰਜੀਤ ਦੀ ਰੇਕੀ ਕਰਨ ‘ਚ ਸ਼ੂਟਰਾਂ ਦੀ ਮਦਦ ਕੀਤੀ। ਇਸ ਤੋਂ ਬਾਅਦ ਜਦੋਂ ਨੀਰਜ ਚਸਕਾ ਫੜਿਆ ਗਿਆ ਤਾਂ ਕਮਲਦੀਪ ਘਬਰਾ ਗਿਆ। ਉਸ ਨੂੰ ਲੱਗਾ ਕਿ ਵਿਰੋਧੀ ਗੈਂਗ ਉਸ ਨੂੰ ਮਾਰ ਦੇਵੇਗੀ ਜਿਸ ਬਾਰੇ ਉਸ ਨੇ ਮਕੁਲ ਰਾਣਾ ਅਤੇ ਪ੍ਰਿੰਸ ਨੂੰ ਦੱਸਿਆ। ਪ੍ਰਿੰਸ ਦੇ ਕਹਿਣ ‘ਤੇ ਮੁਕੁਲ ਨੇ ਉਸ ਨੂੰ ਅਤੇ ਸੰਜੀਵ ਨੂੰ ਹਥਿਆਰ ਮੁਹੱਈਆ ਕਰਵਾਏ। ਅਮਨ ਨੇ ਪੁਲੀਸ ਨੂੰ ਦੱਸਿਆ ਕਿ ਉਹ ਪ੍ਰਿੰਸ ਦਾ ਦੋਸਤ ਹੈ ਅਤੇ ਵਟਸਐਪ ‘ਤੇ ਅਕਸਰ ਉਸ ਨਾਲ ਗੱਲਬਾਤ ਹੁੰਦੀ ਸੀ। ਉਸ ਨੇ ਉਸ ਨੂੰ ਕਮਲਦੀਪ ਨੂੰ ਦੂਜੇ ਗੈਂਗ ਤੋਂ ਬਚਣ ਲਈ ਹਥਿਆਰ ਮੁਹੱਈਆ ਕਰਵਾਇਆ ਸੀ। ਪ੍ਰਿੰਸ ਨੇ ਅਮਨ ਤੋਂ ਪੁੱਛਿਆ ਸੀ ਕਿ ਕੀ ਉਸ ਦਾ ਜੰਮੂ ਕਸ਼ਮੀਰ ‘ਚ ਕੋਈ ਕੁਨੈਕਸ਼ਨ ਹੈ? ਅਮਨ ਨੇ ਪੁੱਛਣ ‘ਤੇ ਉਸ ਨੂੰ ਦੱਸਿਆ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੋਂ ਬਦਲਾ ਲੈਣਾ ਹੈ। ਇਸ ਲਈ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨਾ ਹੈ। ਇਸ ਲਈ ਏ.ਕੇ. 47 ਵਰਗੇ ਵੱਡੇ ਹਥਿਆਰਾਂ ਦੀ ਜ਼ਰੂਰਤ ਪਵੇਗੀ। ਜੋ ਕਿ ਸ਼੍ਰੀਨਗਰ ਤੋਂ ਲਿਆਉਣੇ ਪੈਣਗੇ। ਹੁਣ ਪੁਲੀਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇ ਦਿਨਾਂ ‘ਚ ਇਸ ਮਾਮਲੇ ‘ਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।