ਆਪਣੇ ਕਈ ਪੰਜਾਬੀ ਗਾਣਿਆਂ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਇੰਦਰਜੀਤ ਨਿੱਕੂ ਇਨ੍ਹੀਂ ਦਿਨੀਂ ਮੁਸੀਬਤ ‘ਚ ਹਨ। ਇਸ ਦਾ ਪਤਾ ਉਸ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਤੋਂ ਮਿਲੀ ਜਿਸ ‘ਚ ਉਹ ਇਕ ਸੰਤ ਕੋਲ ਆਪਣੇ ਮਾੜੇ ਸਮੇਂ ਤੋਂ ਰਾਹਤ ਦੀ ਭਾਲ ‘ਚ ਪੁੱਜੇ ਦਿਖਾਈ ਦਿੱਤੇ। ਵੀਡੀਓ ‘ਚ ਗਾਇਕ ਇਕ ਸੰਤ ਦੀ ਸ਼ਰਨ ‘ਚ ਪਹੁੰਚਦਾ ਹੈ ਅਤੇ ਉਸ ਨੂੰ ਆਪਣੇ ਤਿੰਨ ਦੁੱਖ ਸੁਣਾਉਂਦਾ ਹੈ। ਨਿੱਕੂ ਸੰਤ ਨਾਲ ਮਦਦ ਲਈ ਗੱਲ ਕਰ ਰਿਹਾ ਹੈ ਅਤੇ ਉਸ ਨੂੰ ਇਨ੍ਹਾਂ ਮੁਸੀਬਤਾਂ ਤੋਂ ਬਾਹਰ ਕੱਢਣ ਲਈ ਕਹਿ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਨਿੱਕੂ ਨੂੰ ਆਪਣੀ ਅਗਲੀ ਫਿਲਮ ‘ਚ ਗਾਉਣ ਦੀ ਪੇਸ਼ਕਸ਼ ਕੀਤੀ। ਦਿਲਜੀਤ ਨੇ ਇਹ ਵੀ ਲਿਖਿਆ, ‘ਵੀਰੇ ਨੂੰ ਦੇਖ ਕੇ ਪਤਾ ਨੀ ਕਿੰਨੇ ਮੁੰਡਿਆਂ ਨੇ ਪੱਗ ਬੰਨ੍ਹਣੀ ਸ਼ੁਰੂ ਕੀਤੀ ਹੈ, ਜਿਨਾ ‘ਚੋਂ ਇਕ ਮੈਂ ਵੀ ਆ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਵੀਰੇ। ਮੇਰੀ ਅਗਲੀ ਫਿਲਮ ਜੋ ਵੀ ਅਸੀਂ ਸ਼ੂਟ ਕਰਾਂਗੇ, ਕਿਰਪਾ ਕਰਕੇ ਉਸ ਲਈ ਗੀਤ ਜ਼ਰੂਰ ਗਾਓ। ਵੀਡੀਓ ‘ਚ ਸੰਤ ਦੇ ਕੋਲ ਬੈਠੇ ਇੰਦਰਜੀਤ ਨਿੱਕੂ ਦੱਸਦੇ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਇਸ ਸਮੇਂ ਤਣਾਅ ‘ਚ ਹਨ। ਦੂਜਾ ਪੈਸੇ ਦੀ ਕਮੀ ਹੈ, ਸੋ ਵਰਤਮਾਨ ‘ਚ ਕਰਜ਼ੇ ਨਾਲ ਜੂਝ ਰਿਹਾ ਹਾਂ। ਤੀਸਰਾ ਗਾਇਕੀ ਦੇ ਕੰਮ ਦਾ ਪ੍ਰੋਗਰਾਮ ਬੰਨ੍ਹ ਦਿੱਤਾ ਗਿਆ ਹੈ ਸਟੇਜ ਸ਼ੋਅ ਕਰ ਰਹੇ ਹਾਂ। ਸੰਤ ਪਹਿਲਾਂ ਪੰਜਾਬੀ ਗਾਇਕ ਨੂੰ ਮਾਸਕ ਉਤਾਰਨ ਲਈ ਕਹਿੰਦੇ ਹਨ ਅਤੇ ਭਵਿੱਖ ‘ਚ ਸਭ ਕੁਝ ਠੀਕ ਹੋਣ ਦਾ ਧਰਵਾਸ ਦਿੰਦੇ ਹਨ। ਫਿਰ ਸੰਤ ਉਨ੍ਹਾਂ ਨੂੰ ਗੀਤ ਗਾਉਣ ਲਈ ਕਹਿ ਰਹੇ ਹਨ। ਇਸ ਦੌਰਾਨ ਇੰਦਰਜੀਤ ਨਿੱਕੂ ਰੋਣ ਲੱਗ ਪੈਂਦਾ ਹੈ ਅਤੇ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਕਲਾਕਾਰ ਕਦੇ ਨਹੀਂ ਰੋਂਦਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਹੋਰ ਪੰਜਾਬੀ ਗਾਇਕਾਂ ਨੇ ਵੀ ਮਦਦ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਗਰੋਂ ਗਾਇਕ ਇੰਦਰਜੀਤ ਨਿੱਕੂ ਨੇ ਹੌਸਲਾ ਅਫਜ਼ਾਈ ਕਰਨ ਵਾਲੇ ਸਾਰੇ ਪ੍ਰਸ਼ੰਸਕਾਂ, ਲੋਕਾਂ, ਕਲਾਕਾਰਾਂ ਦਾ ਧੰਨਵਾਦ ਕੀਤਾ ਹੈ।