ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੋਂ ਕੌਮੀ ਜਾਂਚ ਏਜੰਸੀ ਐੱਨ.ਆਈ.ਏ. ਨੇ ਪੰਜ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ। ਇਸ ਮਗਰੋਂ ਅਫਸਾਨਾ ਖ਼ਾਨ ਨੇ ਅੱਜ ਤਿੰਨ ਜੇ ਲਾਈਵ ਹੋ ਕੇ ਜਾਂਚ ਏਜੰਸੀ ਵੱਲੋਂ ਕੀਤੀ ਪੁੱਛਗਿੱਛ ਬਾਰੇ ਦੱਸਿਆ ਅਤੇ ਕਈ ਹੋਰ ਅਹਿਮ ਗੱਲਾਂ ਸਾਂਝੀਆਂ ਕਰਦਿਆਂ ਸਿੱਧੂ ਮੂਸੇਵਾਲਾ ਨਾਲ ਆਪਣੇ ਰਿਸ਼ਤਿਆਂ ਦੀ ਚਰਚਾ ਕੀਤੀ। ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਸ ਨੂੰ ਆਪਣੀ ਭੈਣ ਮੰਨਦਾ ਸੀ। ਉਸ ਨੇ ਕੁਝ ਚੈਨਲਾਂ ਤੇ ਪੱਤਰਕਾਰਾਂ ਵੱਲੋਂ ਅਫਵਾਹਾਂ ਫੈਲਾਏ ਜਾਣ ਦੀ ਨਿਖੇਧੀ ਕਰਦਿਆਂ ਅਜਿਹੀਆਂ ਝੂਠੀਆਂ ਤੇ ਮਨਘੜਤ ਖ਼ਬਰਾਂ ਪ੍ਰਕਾਸ਼ਿਤ ਕਰਨ ਤੋਂ ਵੀ ਵਰਜਿਆ। ਅਫਸਾਨਾ ਖ਼ਾਨ ਤੋਂ ਨਵੀਂ ਦਿੱਲੀ ਵਿਖੇ ਐੱਨ.ਆਈ.ਏ. ਹੈੱਡਕੁਆਰਟਰ ‘ਚ ਪੁੱਛਗਿੱਛ ਕੀਤੀ ਗਈ। ਏਜੰਸੀ ਦੇ ਸੂਤਰਾਂ ਅਨੁਸਾਰ ਅਫਸਾਨਾ ਖ਼ਾਨ ਤੋਂ ਬੰਬੀਹਾ ਗੈਂਗ, ਜੋ ਕਿ ਬਿਸ਼ਨੋਈ ਗੈਂਗ ਦੇ ਕੱਟੜ ਵਿਰੋਧੀ ਨੇ, ਨਾਲ ਉਸ ਦੇ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਗਈ ਹੈ। ਇਕ ਪੁਲੀਸ ਅਧਿਕਾਰੀ ਨੇ ਕੇਂਦਰੀ ਏਜੰਸੀ ਨਾਲ ਗੱਲਬਾਤ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਹੋਰ ਕੋਈ ਵੇਰਵਾ ਨਾ ਹੋਣ ਦੀ ਗੱਲ ਆਖੀ। ਉਂਝ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕਾ ਮੂਸੇ ਵਾਲੇ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਲਈ ਪਹਿਲਾਂ ਹੀ ਸਰਕਾਰੀ ਪ੍ਰਬੰਧਾਂ ਤੋਂ ਔਖੀ ਸੀ ਅਤੇ ਉਹ ਕਈ ਵਾਰ ਮੂਸੇ ਵਾਲੇ ਦੇ ਪਰਿਵਾਰ ਨੂੰ ਘਰ ਆਕੇ ਮਿਲੀ ਵੀ ਹੈ। ਪੁੱਛਗਿੱਛ ਮਗਰੋਂ ਲਾਈਵ ਦੌਰਾਨ ਉਸ ਨੇ ਕਿਹਾ ਕਿ ਵਧੀਆ ਗੱਲ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਕੌਮੀ ਏਜੰਸੀ ਜਾਂਚ ਕਰ ਰਹੀ ਹੈ ਜਿਸ ਤੋਂ ਮਾਮਲੇ ਦੀ ਸੱਚਾਈ ਸਾਹਮਣੇ ਆਉਣ ਦੀ ਪੂਰੀ ਆਸ ਹੈ। ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਕਿ ਅਫਸਾਨਾ ਖ਼ਾਨ ਦਾ ਸਬੰਧ ਬੰਬੀਹਾ ਗੈਂਗ ਨਾਲ ਹੋ ਸਕਦਾ ਹੈ। ਇਸ ਦੇ ਤਾਰ ਇਸ ਗੱਲ ਨਾਲ ਜੁੜੇ ਦੱਸੇ ਜਾਂਦੇ ਹਨ ਕਿ ਸਿੱਧੂ ਮੂਸੇਵਾਲਾ ਦੇ ਕਤਲ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਗੋਲਡੀ ਬਰਾੜ ਦਾ ਭਰਾ ਗੁਰਲਾਲ ਬਰਾੜ ਇਕ ਸੰਗੀਤ ਕੰਪਨੀ ਚਲਾਉਂਦਾ ਸੀ। ਐੱਨ.ਆਈ.ਏ. ਵੱਲੋਂ ਕੀਤੀ ਗਈ ਬਾਰੀਕੀ ਨਾਲ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਸ ਵੇਲੇ ਅਫਸਾਨਾ ਖ਼ਾਨ ਨੂੰ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਵੱਲੋਂ ਇਕ ਗੀਤ ਗਾਉਣ ਲਈ ਕਿਹਾ ਗਿਆ ਸੀ ਜਿਸ ਦੇ ਇਵਜ਼ਾਨੇ ‘ਚ ਅਫਸਾਨਾ ਖਾਨ ਨੂੰ ਕੋਈ ਪੈਸਾ ਨਹੀਂ ਮਿਲਣਾ ਸੀ। ਇਸ ਗੀਤ ਨੂੰ ਗਾਉਣ ਤੋਂ ਅਫਸਾਨਾ ਖ਼ਾਨ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਸੰਦਰਭ ‘ਚ ਐੱਨ.ਆਈ.ਏ. ਵੱਲੋਂ ਅਫਸਾਨਾ ਖ਼ਾਨ ਨੂੰ ਆਪਣੇ ਦਿੱਲੀ ਮੁੱਖ ਦਫਤਰ ਵਿਖੇ ਸੱਦਿਆ ਗਿਆ। ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਜਦੋਂ ਅਫਸਾਨਾ ਖ਼ਾਨ ਨੇ ਗੁਰਲਾਲ ਬਰਾੜ ਦੀ ਸੰਗੀਤਕ ਕੰਪਨੀ ਲਈ ਗਾਣਾ ਗਾਉਣ ਤੋਂ ਇਨਕਾਰ ਕੀਤਾ ਸੀ ਤਾਂ ਉਸ ਦੀ ਗੱਲ ਉਸ ਵੇਲੇ ਮਰਹੂਮ ਗਾਇਕ ਮੂਸੇਵਾਲਾ ਨਾਲ ਵੀ ਸਾਂਝੀ ਹੋਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਢੰਗ ਨਾਲ ਜ਼ੋਰਦਾਰ ਆਵਾਜ਼ ਉਠਾਈ ਸੀ। ਅਫਸਾਨਾ ਖ਼ਾਨ ਦਾ ਪਿਛੋਕੜ ਦੱਖਣੀ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਨਾਲ ਜੁੜਿਆ ਹੋਇਆ ਹੈ। ਅਫਸਾਨਾ ਖ਼ਾਨ ਦਾ ਪਰਿਵਾਰ ਮੁੱਢ ਤੋਂ ਹੀ ਸੰਗੀਤ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਜੱਦੀ ਪਿੰਡ ਬਾਦਲ ਦੇ ਵਸਨੀਕ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਖ਼ੁਦਾ ਬਖ਼ਸ਼ ਇਕ ਚੰਗੇ ਗਾਇਕ ਦੇ ਨਾਲ ਨਾਲ ਸੰਗੀਤਕਾਰ ਵਜੋਂ ਪ੍ਰਸਿੱਧ ਸਨ। ਇਸ ਸਮੇਂ ਅਫਸਾਨਾ ਖ਼ਾਨ ਪਤੀ ਤੇ ਪਰਿਵਾਰ ਸਮੇਂ ਚੰਡੀਗੜ੍ਹ ਨੇੜੇ ਰਹਿੰਦੀ ਹੈ।