ਉੱਘੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਇੰਡੀਆ ’ਚ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਟਵਿੱਟਰ ਵੱਲੋਂ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਦੇ ਖਾਤੇ ਬੰਦ ਕਰ ਦਿੱਤੇ ਗਏ ਸਨ। ਰਵੀ ਸਿੰਘ ਦਾ ਅਕਾਊਂਟ ਸਰਚ ਕਰਨ ’ਤੇ ਲਿਖਿਆ ਮਿਲਦਾ ਹੈ ਕਿ ਕਾਨੂੰਨੀ ਮੰਗ ਮੁਤਾਬਕ ਇੰਡੀਆ ’ਚ ਇਸ ਖਾਤੇ ’ਤੇ ਰੋਕ ਲਾ ਦਿੱਤੀ ਗਈ ਹੈ। ਉਧਰ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਖੁਦ ਵੀ ਫੇਸਬੁੱਕ ’ਤੇ ਟਵਿੱਟਰ ਅਕਾਊਂਟ ਬੰਦ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਸਿੱਖਾਂ ਦੇ ਸ਼ੋਸਲ ਮੀਡੀਆ ਖਾਤਿਆਂ ’ਤੇ ਪਾਬੰਦੀ ਲਗਾਉਣਾ ਠੀਕ ਨਹੀਂ ਹੈ। ਇਸੇ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਦੇ ਸਕੱਤਰ ਜਰਨਲ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਬੰਦ ਕਰਨਾ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਟਰਨੈੱਟ ਦੇ ਯੁੱਗ ’ਚ ਵਿਚਾਰਾਂ ਦੀ ਆਜ਼ਾਦੀ ਦਾ ਕਤਲ ਕਰਨਾ ਇਸ ਜਮਹੂਰੀ ਦੇਸ਼ ਨੂੰ ਸੋਭਾ ਨਹੀਂ ਦਿੰਦਾ। ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਟਵਿੱਟਰ ਅਕਾਊਂਟ ਬੰਦ ਕਰਵਾਉਣ ਨਾਲ ਮੋਦੀ ਹਕੂਮਤ ਦੀ ਘੱਟ ਗਿਣਤੀਆਂ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਪ੍ਰਤੀ ਨਫ਼ਰਤ ਤੇ ਦੁਸ਼ਮਣੀ ਜ਼ਾਹਰ ਹੋ ਰਹੀ ਹੈ।