ਯੂਕਰੇਨ ਦੀ ਸੈਨਾ ਨੇ ਮੁਲਕ ਦੇ ਪੂਰਬ ‘ਚ ਰੂਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਾਫ਼ੀ ਤੇਜ਼ੀ ਨਾਲ ਰੂਸ ‘ਤੇ ਜਵਾਬੀ ਹੱਲਾ ਬੋਲਿਆ ਹੈ ਤੇ ਇਸ ਨਾਲ ਮਹੀਨਿਆਂ ਤੋਂ ਚੱਲ ਰਹੀਆਂ ਜੰਗ ਦਾ ਰੁਖ਼ ਬਦਲ ਗਿਆ ਹੈ। ਵੇਰਵਿਆਂ ਮੁਤਾਬਕ ਉੱਤਰ-ਪੂਰਬੀ ਖਾਰਕੀਵ ਖੇਤਰ ‘ਚ ਯੂਕਰੇਨ ਦੀ ਤੇਜ਼ ਕਾਰਵਾਈ ਨੇ ਰੂਸੀ ਸੈਨਾ ਨੂੰ ਪਿੱਛੇ ਧੱਕ ਦਿੱਤਾ ਹੈ। ਮਾਸਕੋ ਨੇ ਆਪਣੀ ਸੈਨਾ ਨੂੰ ਪਿੱਛੇ ਹਟਣ ਲਈ ਕਿਹਾ ਹੈ ਤਾਂ ਕਿ ਸਮਰਪਣ ਕਰਨ ਦੀ ਨੌਬਤ ਨਾ ਆਵੇ। ਰੂਸ ਦੀ ਸੈਨਾ ਵੱਡੀ ਗਿਣਤੀ ਹਥਿਆਰ ਤੇ ਅਸਲਾ ਉਥੇ ਹੀ ਛੱਡ ਗਈ ਹੈ। ਯੂਕਰੇਨ ਦੀ ਸੈਨਾ ਦੀ ਇਸ ਉਪਲਬਧੀ ਤੋਂ ਖ਼ੁਸ਼ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਇਕ ਵੀਡੀਓ ਭਾਸ਼ਣ ‘ਚ ਰੂਸੀਆਂ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ, ‘ਰੂਸ ਦੀ ਸੈਨਾ ਇਨ੍ਹੀਂ ਦਿਨੀ ਉਹੀ ਕਰ ਰਹੀ ਹੈ ਜੋ ਉਹ ਵਧੀਆ ਢੰਗ ਨਾਲ ਕਰ ਸਕਦੀ ਹੈ- ਪਿੱਠ ਦਿਖਾ ਰਹੀ ਹੈ।’ ਰਾਸ਼ਟਰਪਤੀ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ‘ਚ ਯੂਕਰੇਨੀ ਸੈਨਾ ਇਕ ਹੋਰ ਕਸਬੇ ‘ਚ ਦੇਸ਼ ਦਾ ਝੰਡਾ ਲਹਿਰਾ ਰਹੀ ਹੈ। ਇਸ ਕਸਬੇ ਨੂੰ ਉਨ੍ਹਾਂ ਰੂਸੀਆਂ ਤੋਂ ਕਬਜ਼ੇ ‘ਚ ਲਿਆ ਹੈ। ਖਾਰਕੀਵ ‘ਚ ਸੈਨਾ ਵੱਲੋਂ ਹਥਿਆਰ ਅਤੇ ਹੋਰ ਅਸਲਾ ਛੱਡ ਪਿੱਛੇ ਹਟਣ ਤੋਂ ਬਾਅਦ ਰੂਸ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਇਹ ਬਲਾਂ ਨੂੰ ਦੋਨੇਸਕ ਖੇਤਰ ‘ਚ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਕਦਮ ਹੈ। ਕੀਵ ਖੇਤਰ ਵਿੱਚੋਂ ਸੈਨਾ ਕੱਢਣ ਵੇਲੇ ਵੀ ਰੂਸ ਨੇ ਇਹੀ ਹਵਾਲਾ ਦਿੱਤਾ ਸੀ।